ਹਾਥਰਸ ਕੇਸ : ਯੋਗੀ ਸਰਕਾਰ ਨੇ SC ਨੂੰ ਦੱਸਿਆ, ਰਾਤ ਨੂੰ ਕਿਉਂ ਕੀਤਾ ਗਿਆ ਸੀ ਪੀੜਤਾ ਦਾ ਅੰਤਿਮ ਸੰਸਕਾਰ
Tuesday, Oct 06, 2020 - 03:20 PM (IST)
ਨਵੀਂ ਦਿੱਲੀ- ਹਾਥਰਸ 'ਚ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਹਲਫਨਾਮਾ ਦਾਖ਼ਲ ਕੀਤਾ। ਜਿਸ 'ਚ ਕਿਹਾ ਕਿ ਜਬਰ ਜ਼ਿਨਾਹ ਅਤੇ ਹਮਲੇ ਦੀ ਸੀ.ਬੀ.ਆਈ. ਜਾਂਚ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ। ਯੂ.ਪੀ. ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ 14 ਸਤੰਬਰ ਨੂੰ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਤੁਰੰਤ ਕਦਮ ਚੁੱਕਿਆ ਸੀ।
ਯੂ.ਪੀ. ਸਰਕਾਰ ਨੇ ਅੱਧੀ ਰਾਤ ਪੀੜਤਾ ਦੇ ਅੰਤਿਮ ਸੰਸਕਾਰ ਦਾ ਕਾਰਨ ਵੀ ਦੱਸਿਆ। ਉਸ ਅਨੁਸਾਰ ਖੁਫੀਆ ਏਜੰਸੀਆਂ ਦੇ ਇਨਪੁਟ ਸਨ ਕਿ ਇਸ ਮੁੱਦੇ ਨੂੰ ਲੈ ਕੇ ਸਵੇਰੇ ਵੱਡੇ ਪੱਧਰ 'ਤੇ ਦੰਗਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਸਵੇਰ ਤੱਕ ਇੰਤਜ਼ਾਰ ਕਰਦੇ ਤਾਂ ਸਥਿਤੀ ਬੇਕਾਬੂ ਹੋ ਸਕਦੀ ਸੀ। ਰਾਜ ਸਰਕਾਰ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਸੀ.ਬੀ.ਆਈ. ਦੀ ਜਾਂਚ ਹੋਵੇ, ਕਿਉਂਕਿ ਝੂਠੇ ਨੈਰੇਟਿਵ ਦੇ ਮਾਧਿਅਮ ਨਾਲ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਤੱਕ ਦੀ ਜਾਂਚ ਦਾ ਵੇਰਵਾ ਦਿੰਦੇ ਹੋਏ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਜਾਤੀ ਸੰਘਰਸ਼ ਅਤੇ ਹਿੰਸਾ ਨੂੰ ਉਕਸਾਉਣ ਦੀ ਅਪਰਾਧਕ ਸਾਜਿਸ਼ ਰਚੀ ਗਈ ਹੈ। ਸੁਪਰੀਮ ਕੋਰਟ 'ਚ ਯੂ.ਪੀ. ਸਰਕਾਰ ਨੇ ਕਿਹਾ ਕਿ ਕੋਰਟ ਦੀ ਨਿਗਰਾਨੀ 'ਚ ਸੀ.ਬੀ.ਆਈ. ਨੂੰ ਸਮੇਂਬੱਧ ਜਾਂਚ ਦਾ ਆਦੇਸ਼ ਦਿੱਤਾ ਜਾਵੇ।