ਦੇਸ਼ ਦੇਖ ਰਿਹਾ ਹੈ ਕਿ ਹਾਥਰਸ ਪੀੜਤਾ ਦੇ ਪਰਿਵਾਰ ਨਾਲ ਕੀ ਹੋ ਰਿਹਾ ਹੈ ਪਰ ਮੋਦੀ ਚੁੱਪ ਹਨ : ਰਾਹੁਲ
Tuesday, Oct 06, 2020 - 12:31 PM (IST)
 
            
            ਨਵੀਂ ਦਿੱਲੀ- ਹਾਥਰਸ 'ਚ ਦਲਿਤ ਕੁੜੀ ਨਾਲ ਹੋਏ ਸਮੂਹਕ ਜਬਰ ਜ਼ਿਨਾਹ ਅਤੇ ਹਮਲੇ ਦੀ ਘਟਨਾ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇਖ ਰਿਹਾ ਹੈ ਕਿ ਹਾਥਰਸ ਪੀੜਤਾ ਦੇ ਪਰਿਵਾਰ ਵਾਲਿਆਂ ਨਾਲ ਕੀ ਹੋ ਰਿਹਾ ਹੈ ਪਰ ਪੀ.ਐੱਮ. ਚੁੱਪ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ 'ਚ ਹਾਥਰਸ ਦੀ ਘਟਨਾ ਨੂੰ ਲੈ ਕੇ ਗੁੱਸਾ ਹੈ।
ਹਾਥਰਸ ਦੀ ਘਟਨਾ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਮਾਰਿਆ ਜਾ ਰਿਾਹ ਹੈ, ਮੈਨੂੰ ਧੱਕਾ ਲੱਗਣਾ ਕੋਈ ਵੱਡੀ ਗੱਲ ਨਹੀਂ ਹੈ। ਕਾਂਗਰਸ ਨੇਤਾ ਬੋਲੇ ਕਿ ਜੇਕਰ ਕਿਸੇ ਦੇ ਬੇਟੇ ਜਾਂ ਬੇਟੀ ਦਾ ਕਤਲ ਕਰ ਦਿੱਤਾ ਜਾਵੇ, ਫਿਰ ਮਾਂ-ਬਾਪ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਡਰਾਇਆ ਜਾਵੇ ਕਿ ਸਾਰੇ ਚੱਲੇ ਜਾਣਗੇ ਅਸੀਂ ਬਚਾਂਗੇ। ਇਸੇ ਕਾਰਨ ਮੈਂ ਹਾਥਰਸ ਗਿਆ ਅਤੇ ਪਰਿਵਾਰ ਨਾਲ ਖੜ੍ਹਾ ਰਹਿਣਾ ਜ਼ਰੂਰੀ ਹੈ।
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹਾਥਰਸ ਪਹੁੰਚੇ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਮਿਲੇ ਸਨ। ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਕੋਈ ਵੀ ਤਾਕਤ ਸਾਨੂੰ ਚੁੱਪ ਨਹੀਂ ਕਰਵਾ ਸਕਦੀ। ਦੱਸਣਯੋਗ ਹੈ ਕਿ ਸਮੂਹਕ ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਗੰਭੀਰ ਹਾਲਤ 'ਚ ਕਈ ਦਿਨਾਂ ਤੱਕ ਹਸਪਤਾਲ 'ਚ ਰਹੀ। ਉਸ ਦੀ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਮੌਤ ਹੋ ਗਈ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            