ਹਾਥਰਸ ਸਮੂਹਕ ਜਬਰ ਜ਼ਿਨਾਹ ਪੀੜਤਾ ਦੀ ਬਲਦੀ ਚਿਖ਼ਾ ਕੋਲ ਹੱਸਦੀ ਨਜ਼ਰ ਆਈ UP ਪੁਲਸ

09/30/2020 10:34:14 AM

ਨਵੀਂ ਦਿੱਲੀ/ਉੱਤਰ ਪ੍ਰਦੇਸ਼- ਹਾਥਰਸ ਸਮੂਹਕ ਜਬਰ ਜ਼ਿਨਾਹ ਪੀੜਤਾਂ ਦੀ ਲਾਸ਼ ਦੇਰ ਰਾਤ ਉਸ ਦੇ ਪਿੰਡ ਪਹੁੰਚੀ। ਇੱਥੇ ਉਸ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਉਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। ਇਸ ਦੌਰਾਨ ਯੂ.ਪੀ. ਪੁਲਸ ਦਾ ਅਸੰਵੇਦਨਸ਼ੀਲ ਚਿਹਰਾ ਸਾਹਮਣੇ ਆਇਆ। ਪੀੜਤਾ ਦੀ ਬਲਦੀ ਚਿਖ਼ਾ 'ਤੇ ਉੱਤਰ ਪ੍ਰਦੇਸ਼ ਪੁਲਸ ਹੱਸਦੀ ਨਜ਼ਰ ਆਈ। ਦਰਅਸਲ ਪਿੰਡ ਵਾਲੇ ਪੀੜਤਾ ਨਾਲ ਹੋਈ ਇਸ ਦਰਿੰਦਗੀ ਤੋਂ ਗੁੱਸਾਏ ਹੋਏ ਸਨ। ਉੱਥੇ ਹੀ ਪੀੜਤਾ ਦੇ ਪਰਿਵਾਰ ਵਾਲੇ ਵੀ ਉਸ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਾ ਚਾਹੁੰਦੇ ਸਨ। ਰਾਤ ਕਰੀਬ 12.45 ਵਜੇ ਪੀੜਤਾ ਦੀ ਲਾਸ਼ ਉਸ ਦੇ ਪਿੰਡ ਪਹੁੰਚੀ। ਪਿੰਡ ਵਾਲੇ ਇਸ ਘਟਨਾ ਤੋਂ ਇੰਨੇ ਗੁੱਸੇ ਸਨ ਕਿ ਉਹ ਐਂਬੂਲੈਂਸ ਦੇ ਅੱਗੇ ਲੇਟ ਗਏ ਅਤੇ ਜੰਮ ਕੇ ਹੰਗਾਮਾ ਕੀਤਾ।

ਮਾਂ ਲਾਸ਼ ਘਰ ਲਿਜਾਉਣ ਦੀ ਲਗਾਉਂਦੀ ਰਹੀ ਗੁਹਾਰ
ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਝੜਪ ਹੋਈ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਚਾਹੇ ਸਾਨੂੰ ਮਾਰ ਦਿਓ ਪਰ ਅਸੀਂ ਅੰਤਿਮ ਸੰਸਕਾਰ ਨਹੀਂ ਹੋਣ ਦੇਵਾਂਗੇ। ਇਸ ਦੌਰਾਨ ਐੱਸ.ਪੀ. ਅਤੇ ਡੀ.ਐੱਮ. ਪੀੜਤਾ ਦੇ ਪਿਤਾ ਅਤੇ ਭਰਾ ਨਾਲ ਡਟੇ ਰਹੇ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਦਰਅਸਲ ਪੀੜਤਾ ਦੀ ਮੌਤ ਤੋਂ ਦੁਖੀ ਉਸ ਦੀ ਮਾਂ ਚਾਹੁੰਦੀ ਸੀ ਕਿ ਇਕ ਵਾਰ ਉਸ ਦੀ ਲਾਸ਼ ਨੂੰ ਘਰ ਲਿਜਾਇਆ ਜਾਵੇ। ਪੁਲਸ ਵਾਲਿਆਂ ਦੇ ਸਾਹਮਣੇ ਪੀੜਤਾਂ ਦੀ ਮਾਂ ਰੋਣ ਲੱਗੀ।

ਰਾਤ ਨੂੰ ਪੁਲਸ ਨੇ ਕੀਤਾ ਅੰਤਿਮ ਸੰਸਕਾਰ
ਰਾਤ ਕਰੀਬ 12.45 ਵਜੇ ਪੀੜਤਾ ਦੀ ਲਾਸ਼ ਹਾਥਰਸ ਪਹੁੰਚੀ ਤਾਂ 2.30 ਵਜੇ ਤੱਕ ਹੰਗਾਮਾ ਹੁੰਦਾ ਰਿਹਾ ਅਤੇ ਪਿੰਡ ਵਾਲਿਆਂ ਨੇ ਐਂਬੂਲੈਂਸ ਨੂੰ ਰੋਕ ਰੱਖਿਆ। ਇਸ ਤੋਂ ਬਾਅਦ ਭਾਰੀ ਪੁਲਸ ਦੀ ਤਾਇਨਾਤੀ ਦਰਮਿਆਨ ਪਿੰਡ ਵਾਲਿਆਂ ਦੀ ਕੋਸ਼ਿਸ਼ ਅਸਫ਼ਲ ਰਹੀ ਅਤੇ 2.45 ਵਜੇ ਐਂਬੂਲੈਂਸ ਨੂੰ ਅੰਤਿਮ ਸੰਸਕਾਰ ਲਈ ਭੇਜ ਦਿੱਤਾ ਗਿਆ। ਅੰਤਿਮ ਸੰਸਕਾਰ ਦੇ ਸਮੇਂ ਪੀੜਤਾ ਦੀ ਬਲਦੀ ਚਿਖ਼ਾ ਕੋਲ ਪੁਲਸ ਮੁਲਾਜ਼ਮ ਹੱਸਦੇ ਨਜ਼ਰ ਆਏ। ਸਾਈਡ 'ਚ ਖੜ੍ਹੇ ਹੋ ਕੇ ਪੁਲਸ ਦੇ ਕਈ ਅਧਿਕਾਰੀ ਗੱਲਾਂ ਕਰਦੇ ਹੋਏ ਠਹਾਕੇ ਲਗਾ ਕੇ ਹੱਸ ਰਹੇ ਸਨ।


DIsha

Content Editor

Related News