ਭਰਾ ਨੇ ਦੋ ਨਾਬਾਲਗ ਭੈਣਾਂ ਦਾ ਕੀਤਾ ਬੇਰਹਿਮੀ ਨਾਲ ਕਤਲ
Thursday, Jan 23, 2025 - 01:35 PM (IST)
ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਨੌਜਵਾਨ ਨੇ ਗਲ਼ ਵੱਢ ਕੇ ਆਪਣੀਆਂ ਦੋ ਚਚੇਰੀਆਂ ਭੈਣਾਂ ਦਾ ਕਤਲ ਕਰ ਦਿੱਤਾ ਅਤੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੇ ਇਰਾਦੇ ਨਾਲ ਆਪਣੇ ਚਾਚਾ-ਚਾਚੀ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬੇਰਹਿਮੀ ਨਾਲ ਕੀਤੇ ਗਏ ਇਸ ਕਤਲ ਦੀ ਘਟਨਾ ਹਾਥਰਸ ਦੇ ਸਦਰ ਕੋਤਵਾਲੀ ਖੇਤਰ ਵਿਚ ਆਸ਼ੀਰਵਾਦ ਧਾਮ ਕਾਲੋਨੀ ਵਿਚ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਨੇ ਆਪਣੀਆਂ ਦੋ ਚਚੇਰੀਆਂ ਭੈਣਾਂ ਸ੍ਰਿਸ਼ਠੀ (14) ਤੇ ਵਿਧੀ (6) ਦੀ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ।
ਜਾਂਚ 'ਚ ਜੁੱਟੀ ਪੁਲਸ
ਦੋਸ਼ੀ ਨੇ ਆਪਣੇ ਚਾਚਾ ਛੋਟੇ ਲਾਲ ਗੌਤਮ ਅਤੇ ਚਾਚੀ ਵੀਰਾਂਗਨਾ ਉਰਫ਼ ਗੌਰੀ 'ਤੇ ਵੀ ਹਮਲਾ ਕੀਤਾ। ਪੁਲਸ ਮੁਤਾਬਕ ਹਮਲੇ ਵਿਚ ਗੌਤਮ ਅਤੇ ਗੌਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ੱਕ ਹੈ ਕਿ ਪਰਿਵਾਰਕ ਵਿਵਾਦ ਕਾਰਨ ਵਿਕਾਸ ਨੇ ਹਮਲਾ ਕੀਤਾ, ਹਾਲਾਂਕਿ ਪੁਲਸ ਨੇ ਕਿਹਾ ਕਿ ਕਤਲ ਦਾ ਸਪੱਸ਼ਟ ਕਾਰਨ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਛੋਟਾਲਾਲ ਮੂਲ ਰੂਪ 'ਚ ਫਤਿਹਪੁਰ ਦਾ ਰਹਿਣ ਵਾਲਾ ਹੈ ਅਤੇ ਮੀਤਈ ਸਥਿਤ ਜਵਾਹਰ ਸਮਾਰਕ ਇੰਟਰ ਕਾਲਜ 'ਚ ਲੈਕਚਰਾਰ ਹੈ ਅਤੇ ਇਨ੍ਹੀਂ ਦਿਨੀਂ ਆਪਣੀ ਪਤਨੀ ਅਤੇ ਧੀਆਂ ਨਾਲ ਆਸ਼ੀਰਵਾਦ ਧਾਮ ਕਾਲੋਨੀ 'ਚ ਰਹਿ ਰਹੇ ਹਨ। ਪੁਲਸ ਅਨੁਸਾਰ ਗੌਤਮ ਪਿਛਲੇ ਇਕ ਸਾਲ ਤੋਂ ਅਧਰੰਗ ਕਾਰਨ ਬਿਸਤਰ 'ਤੇ ਹੈ। ਹਾਥਰਸ ਦੇ SP ਚਿਰੰਜੀਵ ਨਾਥ ਸਿਨਹਾ ਨੇ ਦੱਸਿਆ ਕਿ ਗੌਤਮ ਦਾ ਭਤੀਜਾ ਵਿਕਾਸ ਆਪਣੇ ਇਕ ਦੋਸਤ ਨਾਲ 22 ਜਨਵਰੀ ਦੀ ਰਾਤ ਕਰੀਬ 9 ਵਜੇ ਉਸ ਦੇ ਘਰ ਆਇਆ ਸੀ।
ਦੋਸ਼ੀ ਨੇ ਰਾਤ ਕਰੀਬ 2 ਵਜੇ ਕੀਤਾ ਹਮਲਾ
ਪੁਲਸ ਮੁਤਾਬਕ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਸਾਰੇ ਸੌਂ ਗਏ। ਰਾਤ 1.30 ਤੋਂ 2 ਵਜੇ ਦੇ ਦਰਮਿਆਨ ਵਿਕਾਸ ਅਤੇ ਉਸ ਦੇ ਸਾਥੀ ਨੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਗੌਤਮ ਦੀਆਂ ਦੋ ਧੀਆਂ ਦੀ ਮੌਤ ਹੋ ਗਈ ਅਤੇ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਗੌਰੀ ਦੇ ਰੌਲਾ ਪਾਉਣ 'ਤੇ ਹਮਲਾਵਰ ਭੱਜ ਗਏ। ਰੌਲਾ ਸੁਣ ਕੇ ਹੋਰ ਕਿਰਾਏਦਾਰ ਅਤੇ ਗੁਆਂਢੀ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ FIR
ਜੋੜੇ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਕਿਸੇ ਹੋਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਿਨਹਾ ਨੇ ਕਿਹਾ ਕਿ ਗੌਤਮ ਅਤੇ ਉਨ੍ਹਾਂ ਦੀ ਪਤਨੀ ਜ਼ਿੰਦਾ ਹਨ ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਗੌਰੀ ਦੇ ਬਿਆਨ ਮੁਤਾਬਕ ਉਸ ਦੀਆਂ ਧੀਆਂ 'ਤੇ ਵਿਕਾਸ ਨੇ ਹਮਲਾ ਕੀਤਾ ਸੀ। ਸਬੰਧਤ ਧਾਰਾਵਾਂ ਤਹਿਤ FIR ਦਰਜ ਕਰ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਵਿਕਾਸ ਅਕਸਰ ਗੌਤਮ ਦੇ ਪਰਿਵਾਰ ਨੂੰ ਮਿਲਣ ਆਉਂਦਾ ਸੀ।