ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
Thursday, Jun 27, 2024 - 11:46 AM (IST)
ਫਤਿਹਾਬਾਦ- ਅੱਜ ਦੇ ਅਜੋਕੇ ਸਮੇਂ ਵਿਚ ਕਈ ਨੌਜਵਾਨ ਪੈਸਾ ਕਮਾਉਣ ਲਈ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਹਰਿਆਣਾ ਦੇ ਰਤੀਆ ਖੇਤਰ ਦਾ ਇਕ ਨੌਜਵਾਨ ਜੋ ਕਿ ਪੈਸਾ ਕਮਾਉਣ ਦੇ ਆਪਣੇ ਸੁਫ਼ਨੇ ਲੈ ਕੇ ਕੈਨਡਾ ਗਿਆ ਸੀ ਪਰ ਸਿਰਫ਼ 7 ਦਿਨਾਂ ਵਿਚ ਹੀ ਉਸ ਨੇ ਇਕ ਹਾਦਸੇ ਵਿਚ ਆਪਣੀ ਜਾਨ ਗੁਆ ਦਿੱਤੀ। ਰਤੀਆ ਦੇ ਪਿਲਛੀਆਂ ਪਿੰਡ ਵਾਸੀ ਬਿਕਰ ਸਿੰਘ ਦਾ 23 ਸਾਲ ਦਾ ਪੁੱਤਰ ਕੇਵਲ ਸਿੰਘ ਪੈਸੇ ਕਮਾਉਣ ਲਈ ਕੈਨੇਡਾ ਗਿਆ ਸੀ, ਤਾਂ ਕਿ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ। ਪਿਤਾ ਬਿਕਰ ਨੇ ਇਕ ਏਕੜ ਜ਼ਮੀਨ ਵੇਚ ਕੇ 14 ਜੂਨ ਨੂੰ ਪੁੱਤਰ ਨੂੰ ਕੈਨੇਡਾ ਭੇਜਿਆ ਸੀ। 21 ਜੂਨ ਨੂੰ ਚਾਰਾ ਵੱਢਣ ਵਾਲੀ ਮਸ਼ੀਨ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਕੇਵਲ ਦੀ ਮ੍ਰਿਤਕ ਦੇਹ ਕੈਨੇਡਾ ਵਿਚ ਹੀ ਹੈ, ਜਿਸ ਨੂੰ ਵਤਨ ਵਾਪਸੀ ਲਈ ਲੱਖਾਂ ਰੁਪਏ ਦਾ ਖਰਚ ਆਵੇਗਾ। ਇਸ ਕਾਰਨ ਉਸ ਦੇ ਪਿਤਾ ਬਿਕਰ ਨੇ ਹੁਣ ਸੋਸ਼ਲ ਮੀਡੀਆ ਜ਼ਰੀਏ ਆਪਣੇ ਪੁੱਤ ਦੀ ਮ੍ਰਿਤਕ ਦੇਹ ਵਾਪਸ ਦੇਸ਼ ਲਿਆਉਣ ਦੀ ਮਦਦ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ- ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਤੱਕ ਹੈਲੀਕਾਪਟਰ ਸੇਵਾ ਸ਼ੁਰੂ, ਇੰਨਾ ਹੋਵੇਗਾ ਕਿਰਾਇਆ
ਦੱਸਿਆ ਜਾ ਰਿਹਾ ਹੈ ਕਿ ਕੇਵਲ ਕੋਲ 5 ਏਕੜ ਜ਼ਮੀਨ ਸੀ, ਜਿਸ ਵਿਚੋਂ 1 ਏਕੜ ਜ਼ਮੀਨ ਵੇਚ ਕੇ ਉਹ 14 ਜੂਨ ਨੂੰ ਕੈਨੇਡਾ ਗਿਆ ਸੀ। ਕੈਨੇਡਾ ਵਿਚ ਉਹ ਇਕ ਫਾਰਮ ਵਿਚ ਪਸ਼ੂਆਂ ਲਈ ਚਾਰਾ ਵੱਢਣ ਦੇ ਕੰਮ ਵਿਚ ਲੱਗ ਗਿਆ। ਉਹ ਕੰਮ ਕਰ ਰਿਹਾ ਸੀ ਤਾਂ ਅਚਾਨਕ ਲੋਹੇ ਦੀ ਪੱਤੀ ਉਸ ਦੇ ਢਿੱਡ 'ਚ ਵੜ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਜਦੋਂ ਇਸ ਦੁਖ਼ਦ ਹਾਦਸੇ ਦਾ ਪਤਾ ਲੱਗਾ ਤਾਂ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿਤਾ ਨੇ ਜ਼ਮੀਨ ਵੇਚ ਕੇ ਲੱਖਾਂ ਰੁਪਏ ਇਕੱਠੇ ਕਰ ਕੇ ਆਪਣਾ ਜਵਾਨ ਪੁੱਤ ਕੈਨੇਡਾ ਭੇਜਿਆ ਸੀ ਅਤੇ ਹੁਣ ਉਸ ਦੀ ਲਾਸ਼ ਲਿਆਉਣ ਲਈ ਲੱਖਾਂ ਰੁਪਏ ਦੀ ਲੋੜ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮ੍ਰਿਤਕ ਨੌਜਵਾਨ ਦੀ ਲਾਸ਼ ਛੇਤੀ ਤੋਂ ਛੇਤੀ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕਰੇ। ਲਾਸ਼ ਨੂੰ ਸਰਕਾਰ ਆਪਣੇ ਖ਼ਰਚੇ 'ਤੇ ਕੈਨੇਡਾ ਤੋਂ ਭਾਰਤ ਲੈ ਕੇ ਆਵੇ।
ਇਹ ਵੀ ਪੜ੍ਹੋ- ਇਸ ਸਾਲ ਮਈ ਤੱਕ ਹਿਮਾਚਲ ਪਹੁੰਚੇ 74 ਲੱਖ ਸੈਲਾਨੀ, ਕੁੱਲੂ ਬਣਿਆ ਪਹਿਲੀ ਪਸੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e