ਹਰਿਆਣਾ 'ਚ ਨਾਬਾਲਗ ਲੜਕੀ ਨੂੰ ਅਗਵਾ ਕਰਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ
Sunday, Dec 08, 2019 - 11:34 AM (IST)

ਪਲਵਲ—ਹਰਿਆਣਾ ਦੇ ਪਲਵਲ ਜ਼ਿਲੇ 'ਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ 4 ਨੌਜਵਾਨਾਂ ਵੱਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਪੁਲਸ ਥਾਣੇ 'ਚ ਨਾਬਾਲਗ ਲੜਕੀ ਦੀ ਮਾਂ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਅਤੇ ਪੋਕਸੋ ਐਕਟ ਤਹਿਤ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਲਵਲ ਦੇ ਇਕ ਪਿੰਡ ਦੀ ਰਹਿਣ ਵਾਲੀ 17 ਸਾਲਾ ਨਾਬਾਲਗ (ਪੀੜਤਾ) ਨੇ ਦੱਸਿਆ ਹੈ ਕਿ 4 ਦਸੰਬਰ ਦੀ ਰਾਤ ਲਗਭਗ 11 ਵਜੇ ਵਾਸ਼ਰੂਮ ਲਈ ਘਰ ਤੋਂ ਬਾਹਰ ਨਿਕਲੀ, ਤਾਂ 4 ਨੌਜਵਾਨ ਉਸ ਨੂੰ ਅਗਵਾ ਕਰ ਕੇ ਖੇਤ 'ਚ ਲੈ ਗਏ, ਜਿੱਥੇ ਉਸ ਨਾਲ ਗੈਂਗਰੇਪ ਕੀਤਾ ਅਤੇ 2 ਘੰਟਿਆਂ ਬਾਅਦ ਪੀੜਤਾ ਨੂੰ ਪਿੰਡ ਛੱਡ ਕੇ ਫਰਾਰ ਹੋ ਗਏ। ਪੀੜਤਾ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਇਆ।
ਜ਼ਿਲਾ ਮਹਿਲਾ ਥਾਣੇ ਦੀ ਜਾਂਚ ਅਧਿਕਾਰੀ ਐੱਸ.ਆਈ. ਅੰਜੂ ਨੇ ਦੱਸਿਆ ਹੈ ਕਿ ਮੈਡੀਕਲ ਜਾਂਚ ਕਰਵਾਈ ਗਈ ਅਤੇ ਉਸ ਦੇ ਬਿਆਨ ਅਦਾਲਤ 'ਚ ਦਰਜ ਕਰਵਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਪੀੜਤਾ ਦੀ ਮਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਦੀ ਧੀ ਨਾਲ 13 ਅਗਸਤ ਨੂੰ ਗੈਂਗਰੇਪ ਹੋਇਆ ਸੀ। ਇਸ ਸੰਬੰਧੀ 16 ਅਗਸਤ ਨੂੰ ਮੁਕੱਦਮਾ ਨੰਬਰ 181 ਦਰਜ ਕੀਤਾ ਗਿਆ ਸੀ, ਜੋ 5 ਨਵੰਬਰ ਨੂੰ ਜਾਂਚ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।