SP ਦਫ਼ਤਰ ਦੇ ਬਾਹਰ ਧਰਨੇ ''ਤੇ ਬੈਠੀ ਜਬਰ ਜ਼ਿਨਾਰ ਪੀੜਤਾ, ਕਾਰ ਨੇ ਮਾਰੀ ਟੱਕਰ

10/23/2020 4:55:28 PM

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜਬਰ ਜ਼ਿਨਾਹ ਪੀੜਤਾ ਸ਼ਿਕਾਇਤ ਦਰਜ ਕਰਵਾਉਣ ਲਈ ਐੱਸ.ਪੀ. ਦਫ਼ਤਰ ਦੇ ਚੱਕਰ ਲਗਾਉਂਦੀ ਰਹੀ। ਜਦੋਂ ਉਸ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠ ਗਈ। ਉਹ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ 20 ਘੰਟੇ ਤੱਕ ਧਰਨਾ ਦਿੰਦੀ ਰਹੀ। ਪੁਲਸ ਦਾ ਦਿਲ ਨਹੀਂ ਪਸੀਜਿਆ। ਇਸ ਦੌਰਾਨ ਇਕ ਕਾਰ ਨੇ ਉਸ ਕੁੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਨੇ ਪੁਲਸ 'ਤੇ ਦੋਸ਼ ਲਗਾਏ ਕਿ ਇਹ ਕੁੜੀ ਕਾਫ਼ੀ ਸਮੇਂ ਤੋਂ ਇਨਸਾਫ਼ ਲਈ ਧਰਨੇ 'ਤੇ ਬੈਠੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਹੀ ਇਸ ਕੁੜੀ ਨੂੰ ਮਰਵਾਉਣਾ ਚਾਹੁੰਦੀ ਹੈ।

ਘਟਨਾ ਤੋਂ ਬਾਅਦ ਨਾਰਾਜ਼ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਹਰਿਆਣਾ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਸ ਨੇ ਕਿਸੇ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਨਹੀਂ ਕੀਤੇ, ਜਿਸ ਕਾਰਨ ਇਹ ਹਾਦਸਾ ਹੋਇਆ। ਦੱਸ ਦੇਈਏ  ਕਿ ਪੀੜਤਾ 2011 'ਚ ਕੁਰੂਕੁਸ਼ੇਤਰ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਅਤੇ ਟੌਪਰ ਰਹੀ ਹੈ। ਉਹ ਜੀਂਦ ਦੇ ਕਮਾਚਖੇੜਾ ਪਿੰਡ ਦੀ ਰਹਿਣ ਵਾਲੀ ਹੈ। ਪੀੜਤਾ ਨੇ ਆਪਣੇ ਪਤੀ, ਪਤੀ ਦੇ ਚਾਚਾ ਅਤੇ ਸਹੁਰੇ ਸਮੇਤ 9 ਲੋਕਾਂ ਵਿਰੁੱਧ ਧੋਖੇ ਨਾਲ ਵਿਆਹ ਕਰਵਾਉਣ ਅਤੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਸੀ। ਜੀਂਦ ਪੁਲਸ ਦੀ ਡੀ.ਐੱਸ.ਪੀ. ਪੁਸ਼ਪਾ ਖੱਤਰੀ ਨੇ ਦੱਸਿਆ ਕਿ ਕੁੜੀ ਨੇ ਸਮੂਹਕ ਜਬਰ ਜ਼ਿਨਾਹ, ਮਾਨਸਿਕ ਅਤੇ ਸਰੀਰਕ ਤਸੀਹੇ ਦੇਣ ਦੇ ਦੋਸ਼ ਲਗਾਏ ਹਨ। ਪੁਲਸ ਨੇ ਜਾਂਚ ਤੋਂ ਬਾਅਦ ਪੀੜਤਾ ਦੇ ਪਤੀ, ਸਹੁਰੇ ਅਤੇ ਹੋਰ ਦੋਸ਼ੀਆਂ ਵਿਰੁੱਧ ਦਾਜ ਤਸੀਹੇ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਕੀਤੀ ਹੈ। ਪੀੜਤਾ ਨੇ ਦਿੱਲੀ 'ਚ ਵੀ ਇਕ ਮਾਮਲਾ ਦਰਜ ਕਰਵਾਇਆ ਸੀ, ਉਸ ਦੀ ਰਿਪੋਰਟ ਵੀ ਹਰਿਆਣਾ ਪੁਲਸ ਨੇ ਮੰਗਵਾਈ ਹੈ। ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News