ਮਾਪਿਆਂ ਦਾ ਕਤਲ ਕਰ ਲਾਸ਼ਾਂ ਪਿੰਡੋਂ ਬਾਹਰ ਸੁੱਟ ਆਇਆ ਪੁੱਤਰ
Sunday, May 03, 2020 - 03:15 PM (IST)

ਰੋਹਤਕ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਹਰਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਰੋਹਤਕ ਜ਼ਿਲੇ ਦੇ ਪਿੰਡ ਪਾਕਸਮਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਪੁੱਤਰ ਨੇ ਹੀ ਕਤਲ ਕਰ ਦਿੱਤਾ ਅਤੇ ਲਾਸ਼ਾਂ ਪਿੰਡੋਂ ਬਾਹਰ ਸੁੱਟ ਆਇਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਦੋਸ਼ੀ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਬੀਤੀ ਰਾਤ ਭਾਵ ਸ਼ਨੀਵਾਰ ਕਿਸੇ ਗੱਲ ਨੂੰ ਲੈ ਕੇ ਆਪਣੇ ਮਾਂ-ਬਾਪ ਨਾਲ ਵਿਵਾਦ ਹੋ ਗਿਆ ਸੀ। ਵਿਵਾਦ ਇੰਨਾ ਵੱਧ ਗਿਆ ਕਿ ਉਸ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਰਾਤ ਹੀ ਟਰਾਲੀ 'ਚ ਲੱਦ ਕੇ ਨੇੜਲੇ ਪਿੰਡ ਨੌਨੰਦ ਦੀਆਂ ਝਾੜੀਆਂ 'ਚ ਸੁੱਟ ਦਿੱਤੀਆਂ, ਜਿਸ ਦੀ ਜਾਣਕਾਰੀ ਅੱਜ ਭਾਵ ਐਤਵਾਰ ਪੁਲਸ ਨੂੰ ਮਿਲੀ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਵਨ ਦਾ ਪਿਤਾ ਰਿਟਾਇਰਡ ਫੌਜੀ ਸੀ ਅਤੇ ਦਾਦਾ ਵੀ ਫੌਜ 'ਚ ਸੀ। ਦੋਸ਼ੀ ਪਵਨ ਦਾ ਇਕ ਹੋਰ ਭਰਾ ਵੀ ਹੈ, ਜੋ ਨੇਵੀ 'ਚ ਨੌਕਰੀ ਕਰਦਾ ਹੈ ਅਤੇ ਮੁੰਬਈ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਦੋਸ਼ੀ ਪਵਨ ਆਪਣੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਨਾਲ ਪਿੰਡ 'ਚ ਰਹਿੰਦਾ ਸੀ।