ਹਰਿਆਣਾ ''ਚ 1 ਜੁਲਾਈ ਤੋਂ ਸਕੂਲ-ਕਾਲਜ ਖੋਲ੍ਹਣਾ ਹੋਵੇਗਾ ਜਾਨਲੇਵਾ : ਦੀਪੇਂਦਰ ਹੁੱਡਾ

06/06/2020 12:20:55 PM

ਹਰਿਆਣਾ— ਹਰਿਆਣਾ ਵਿਚ 1 ਜੁਲਾਈ ਤੋਂ ਸਕੂਲ-ਕਾਲਜ ਖੋਲ੍ਹਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਸਕੂਲ-ਕਾਲਜ ਨੂੰ ਖੋਲ੍ਹਣ 'ਚ ਜਲਦਬਾਜ਼ੀ ਦਾ ਮਤਲਬ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੇ ਕਾਬੂ ਆਉਣ ਅਤੇ ਹਾਲਾਤ ਦੀ ਵਿਸਥਾਰਪੂਰਵਕ ਸਮੀਖਿਆ ਤੋਂ ਬਾਅਦ ਹੀ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਲਿਆ ਜਾਵੇ। 

ਦੀਪੇਂਦਰ ਹੁੱਡਾ ਨੇ ਕਿਹਾ ਕਿ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਮੁਲਤਵੀ ਕੀਤਾ ਜਾਵੇ। ਸਕੂਲ, ਮਾਪਿਆਂ ਨਾਲ ਗੱਲਬਾਤ ਕਰ ਕੇ ਹੀ ਖੋਲ੍ਹੇ ਜਾਣੇ ਚਾਹੀਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਪ੍ਰਦੇਸ਼ ਵਿਚ ਰੋਜ਼ਾਨਾ 300 ਤੋਂ ਵਧੇਰੇ ਕੋਰੋਨਾ ਪਾਜ਼ੇਟਿਵ ਲੋਕ ਸਾਹਮਣੇ ਆ ਰਹੇ ਹਨ। ਇਹ ਮਹਾਮਾਰੀ ਹੁਣ ਪਿੰਡਾਂ 'ਚ ਵੀ ਦਾਖਲ ਹੋ ਚੁੱਕੀ ਹੈ। ਅਜਿਹੇ ਵਿਚ ਸਕੂਲ-ਕਾਲਜ ਨੂੰ ਖੋਲ੍ਹਣਾ ਜਾਨਲੇਵਾ ਹੋਵੇਗਾ। ਅੱਧੇ ਵਿਦਿਆਰਥੀਆਂ ਦੇ ਫਾਰਮੂਲੇ 'ਤੇ ਵੀ ਜਮਾਤਾਂ ਸ਼ੁਰੂ ਹੁੰਦੀਆਂ ਹਨ ਤਾਂ ਜਮਾਤ ਅੰਦਰ 15 ਤੋਂ 20 ਵਿਦਿਆਰਥੀ ਰਹਿਣੇ। ਇਸ ਨਾਲ ਉਨ੍ਹਾਂ ਦੇ ਵਾਇਰਸ ਤੋਂ ਪੀੜਤ ਹੋਣ ਦਾ ਖਤਰਾ ਰਹੇਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਪ੍ਰਮੋਟ ਕਰਨ ਲਈ ਇਕੋਂ ਜਿਹਾ ਪੈਮਾਨਾ ਤੈਅ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਹਰਿਆਣਾ ਦੀ ਖੱਟੜ ਸਰਕਾਰ ਸਕੂਲ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਸੂਬਾ ਸਰਕਾਰ ਦੀ ਯੋਜਨਾ ਜੁਲਾਈ ਵਿਚ ਸਕੂਲ ਖੋਲ੍ਹਣ ਦੀ ਹੈ। ਹਾਲਾਂਕਿ ਸਕੂਲਾਂ ਨੂੰ ਚਰਨਬੱਧ ਤਰੀਕੇ ਨਾਲ ਖੋਲ੍ਹਣ ਦੀ ਯੋਜਨਾ ਹੈ। ਸਿੱਖਿਆ ਮੰਤਰੀ ਕੰਵਰਪਾਲ ਕਹਿ ਚੁੱਕੇ ਹਨ ਕਿ ਸੂਬਾ ਸਰਕਾਰ ਅਗਲੇ ਮਹੀਨੇ ਚਰਨਬੱਧ ਤਰੀਕੇ ਨਾਲ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ 10ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਮਾਤਾਂ ਜੁਲਾਈ ਵਿਚ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ 6ਵੀਂ ਤੋਂ ਲੈ ਕੇ 9ਵੀਂ ਤੱਕ ਦੀਆਂ ਜਮਾਤਾਂ ਅਤੇ ਆਖਰੀ ਪੜਾਅ ਵਿਚ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ।


Tanu

Content Editor

Related News