ਹਰਿਆਣਾ ਪੁਲਸ ਨੇ ਲੁਟੇਰਾ ਗਿਰੋਹ ਦਾ ਕੀਤਾ ਪਰਦਾਫਾਸ਼, 5 ਕਾਬੂ

06/10/2020 2:46:03 PM

ਪਾਨੀਪਤ— ਹਰਿਆਣਾ ਪੁਲਸ ਨੇ ਪਾਨੀਪਤ, ਸੋਨੀਪਤ ਅਤੇ ਜੀਂਦ ਜ਼ਿਲਿਆਂ ਵਿਚ ਲੁੱਟ ਅਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪਾਨੀਪਤ ਤੋਂ ਇਸ ਦੇ ਸਰਗਨਾ ਸਮੇਤ 5 ਸਾਥੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਹਰਿਆਣਾ ਪੁਲਸ ਦੇ ਇਕ ਬੁਲਾਰੇ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਦੀ ਸੀ. ਆਈ. ਏ. ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ 5 ਦੋਸ਼ੀਆਂ ਨੂੰ ਜਾਟਲ ਰੋਡ ਸੌਂਦਾਪੁਰ ਨੇੜਿਓਂ ਗ੍ਰਿਫਤਾਰ ਕੀਤਾ, ਜਦੋਂ ਉਹ ਇਕ ਹੋਰ ਅਪਰਾਧ ਦੀ ਸਾਜਿਸ਼ ਬਣਾ ਰਹੇ ਸਨ। ਫੜੇ ਗਏ ਦੋਸ਼ੀਆਂ ਦੀ ਪਹਿਚਾਣ-ਸੋਨੂੰ (ਗਿਰੋਹ ਦਾ ਸਰਗਨਾ), ਰਾਜੇਸ਼, ਅਨਿਲ, ਸੰਦੀਪ ਅਤੇ ਅਮਨ ਦੇ ਰੂਪ ਵਿਚ ਹੋਈ ਹੈ।

ਬੁਲਾਰੇ ਮੁਤਾਬਕ ਪੁਲਸ ਨੂੰ ਜਾਟਲ ਰੋਡ 'ਤੇ ਗਸ਼ਤ ਦੌਰਾਨ ਇਕ ਸੂਚਨਾ ਮਿਲੀ ਸੀ ਕਿ ਨੇੜੇ ਦੇ ਹੀ ਇਕ ਖਾਲੀ ਪਲਾਂਟ ਵਿਚ 4-5 ਸ਼ੱਕੀ ਕਿਸਮ ਦੇ ਨੌਜਵਾਨ ਬੈਠੇ ਹਨ, ਜੋ ਅਪਰਾਧਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਪੁਲਸ ਟੀਮ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਪੁੱਜੀ ਅਤੇ ਸਾਰੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁਰੂਆਤੀ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਗਿਰੋਹ ਦੇ ਮੈਂਬਰਾਂ ਨੇ ਇਕੱਲੇ ਪਾਨੀਪਤ ਜ਼ਿਲੇ ਵਿਚ 9 ਵਾਰਦਾਤਾਂ ਸਮੇਤ ਕੁੱਲ 19 ਲੁੱਟ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਇਹ ਗਿਰੋਹ ਮੁੱਖ ਰੂਪ ਨਾਲ 3 ਜ਼ਿਲਿਆਂ ਵਿਚ ਸਰਗਰਮ ਸਨ, ਜੋ ਕਿ ਜ਼ਿਆਦਾਤਰ ਸੇਲਸਮੈਨ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਅਪਰਾਧ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਜਾਂਦਾ ਸੀ।

ਬੁਲਾਰੇ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਪਾਨੀਪਤ ਦੀ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਇਨ੍ਹਾਂ ਤੋਂ ਪੁੱਛ-ਗਿੱਛ ਦੇ ਨਾਲ-ਨਾਲ ਲੁੱਟ ਦੇ ਸਾਮਾਨ ਅਤੇ ਨਕਦੀ ਬਰਾਮਦ ਕਰਨ ਲਈ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਦੇ ਦਿੱਤਾ ਗਿਆ ਹੈ।


Tanu

Content Editor

Related News