ਨਗਰ ਪਾਲਿਕਾ ਚੇਅਰਪਰਸਨ ਦੇ ਸਹੁਰੇ ਨੇ ਉਨ੍ਹਾਂ ਦੇ ਦਫ਼ਤਰ ''ਚ ਹੀ ਫਾਹਾ ਲਗਾ ਕੀਤੀ ਖ਼ੁਦਕੁਸ਼ੀ
Friday, Oct 16, 2020 - 05:55 PM (IST)
ਹਿਸਾਰ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੀ ਜਾਖਲ ਨਗਰ ਪਾਲਿਕਾ ਚੇਅਰਪਰਸਨ ਸੀਮਾ ਗੋਇਲ ਦੇ ਦਫ਼ਤਰ 'ਚ ਉਨ੍ਹਾਂ ਦੇ ਸਹੁਰੇ ਨੌਹਰਚੰਦ ਨੇ ਸ਼ੁੱਕਰਵਾਰ ਸਵੇਰੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਨੌਹਰਚੰਦ ਚੇਅਰਪਰਸਨ ਸੀਮਾ ਗੋਇਲ ਦਾ ਪ੍ਰਤੀਨਿਧੀਤੱਵ ਕਰ ਰਹੇ ਸਨ। ਸ਼੍ਰੀਮਤੀ ਗੋਇਲ ਵਿਰੁੱਧ ਸ਼ੁੱਕਰਵਾਰ ਨੂੰ ਕੌਂਸਲਰਾਂ ਵਲੋਂ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾਣਾ ਸੀ ਪਰ ਇਸ ਤੋਂ ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦੇ ਸਹੁਰੇ ਨੌਹਰਚੰਦ ਨੇ ਪ੍ਰਧਾਨ ਦਫ਼ਤਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਕਾਰਨ ਕੌਂਸਲਰਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ।
ਜਾਖਲ ਨਗਰ ਪਾਲਿਕਾ 'ਚ ਕੁੱਲ 13 ਕੌਂਸਲਰ ਹਨ, ਜਿਨ੍ਹਾਂ 'ਚੋਂ 9 ਸ਼੍ਰੀਮਤੀ ਗੋਇਲ ਵਿਰੁੱਧ ਹਨ। ਇਨ੍ਹਾਂ ਦਾ ਦੋਸ਼ ਹੈ ਕਿ ਬੀਤੇ ਡੇਢ ਸਾਲਾਂ ਤੋਂ ਪਾਲਿਕਾ ਪ੍ਰਧਾਨ ਉਨ੍ਹਾਂ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਦੇ ਖੇਤਰ ਦੇ ਵਿਕਾਸ ਕੰਮਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਰ ਕੇ ਗੋਇਲ ਵਿਰੁੱਧ ਕੌਂਸਲਰ ਅਵਿਸ਼ਵਾਸ ਪ੍ਰਸਤਾਵ ਲਿਆਉਣਾ ਚਾਹੁੰਦੇ ਸਨ। ਇਸ ਸਿਲਸਿਲੇ 'ਚ ਸ਼ੁੱਕਰਵਾਰ 11 ਵਜੇ ਸਾਰੇ 13 ਕੌਂਸਲਰਾਂ ਦੀ ਬੈਠਕ ਹੋਣੀ ਸੀ ਪਰ ਇਸ ਤੋਂ ਪਹਿਲਾਂ ਇਹ ਘਟਨਾ ਵਾਪਰ ਗਈ। ਘਟਨਾ ਦਾ ਪਤਾ ਲੱਗਦੇ ਹੀ ਖੇਤਰ 'ਚ ਸਨਸਨੀ ਫੈਲ ਗਈ। ਅਵਿਸ਼ਵਾਸ ਪ੍ਰਸਤਾਵ ਨੂੰ ਲੈ ਕੇ ਹੋਣ ਵਾਲੀ ਬੈਠਕ ਵੀ ਤੁਰੰਤ ਰੱਦ ਕਰ ਦਿੱਤੀ ਗਈ। ਬੈਠਕ ਲਈ ਪਹੁੰਚੇ ਟੋਹਾਨਾ ਐੱਸ.ਡੀ.ਐੱਮ. ਨਵੀਨ ਕੁਮਾਰ ਵੀ ਵਾਪਸ ਚੱਲੇ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।