ਹਰਿਆਣਾ 'ਚ 27 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਆਦੇਸ਼ ਜਾਰੀ
Wednesday, Jul 01, 2020 - 04:23 PM (IST)
ਹਰਿਆਣਾ- ਹਰਿਆਣਾ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਗਰਮੀ ਦੀਆਂ ਛੁੱਟੀਆਂ ਇਕ ਜੁਲਾਈ ਤੋਂ 26 ਜੁਲਾਈ ਤੱਕ ਐਲਾਨ ਕਰ ਦਿੱਤੀਆਂ ਹਨ। ਸਰਕਾਰ 27 ਜੁਲਾਈ ਤੋਂ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਹਾਲੇ ਸਕੂਲ ਪੂਰੀ ਤਰ੍ਹਾਂ ਬੰਦ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲਾਂ 'ਚ ਇਕ ਜੁਲਾਈ ਤੋਂ 26 ਜੁਲਾਈ 2020 ਤੱਕ ਗਰਮੀ ਦੀਆਂ ਛੁੱਟੀਆਂ ਰਹਿਣਗੀਆਂ। ਇਸ ਤੋਂ ਬਾਅਦ ਸਕੂਲ 27 ਜੁਲਾਈ ਨੂੰ ਮੁੜ ਖੁੱਲ੍ਹਣਗੇ। ਇਹ ਛੁੱਟੀਆਂ ਅਧਿਆਪਕਾਂ, ਪ੍ਰਸ਼ਾਸਨਿਕ ਸਟਾਫ਼ ਲਈ ਵੀ ਲਾਗੂ ਰਹਿਣਗੀਆਂ।
ਦੱਸਣਯੋਗ ਹੈ ਕਿ ਹਰਿਆਣਾ ਦੇ ਸਾਰੇ ਸਕੂਲ ਅਤੇ ਕਾਲਜ ਜਨਤਾ ਕਰਫਿਊ ਦੇ ਬਾਅਦ ਤੋਂ ਬੰਦ ਹਨ। ਕੋਰੋਨਾ ਕਾਰਨ ਕੇਂਦਰ ਸਰਕਾਰ ਦੇ ਆਦੇਸ਼ ਤੋਂ ਬਾਅਦ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਰੱਖਿਆ ਗਿਆ ਹੈ। ਪ੍ਰਾਈਵੇਟ ਸਕੂਲਾਂ 'ਚ ਆਨਲਾਈਨ ਪੜ੍ਹਾਈ ਕਰਵਾਈ ਗਈ। ਹਰਿਆਣਾ ਸਰਕਾਰ ਨੇ ਐਜ਼ੂਕੇਸ਼ਨ ਚੈਨਲ 'ਤੇ ਵੀ ਸਕੂਲਾਂ ਨਾਲ ਜੁੜੇ ਪਾਠਕ੍ਰਮ ਦਾ ਪ੍ਰਸਾਰਨ ਕੀਤਾ ਹੈ। ਇਸ ਦੇ ਨਾਲ-ਨਾਲ ਐਜ਼ੂਕੇਸ਼ਨ ਐਪਲੀਕੇਸ਼ਨ ਵੀ ਬਣਾਈ ਗਈ ਹੈ, ਜਿਸ 'ਚ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਜੁੜਿਆ ਕੰਟੈਂਟ ਪਾਇਆ ਗਿਆ ਹੈ।
ਦੱਸਣਯੋਗ ਹੈ ਕਿ ਹਰਿਆਣਾ 'ਚ ਕੁੱਲ ਮਰੀਜ਼ਾਂ ਦੀ ਗਿਣਤੀ 14548 ਹੋ ਗਈ ਹੈ। ਇਨ੍ਹਾਂ 'ਚੋਂ 9972 ਮਰੀਜ਼ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ ਚਾਰ ਹੋਰ ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 236 ਹੋ ਗਿਆ ਹੈ। 68 ਮਰੀਜ਼ ਹਾਲੇ ਵੀ ਗੰਭੀਰ ਹਾਲਤ 'ਚ ਹਨ।