''ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ''

Sunday, Feb 26, 2023 - 10:35 AM (IST)

''ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ''

ਚੰਡੀਗੜ੍ਹ/ਹਰਿਆਣਾ- ਜਦੋਂ ਤੋਂ ਦੇਸ਼ ਅੰਦਰ ਭਾਜਪਾ ਦੀਆਂ ਸਰਕਾਰਾਂ ਦੀ ਸਥਾਪਤੀ ਹੋਈ ਹੈ, ਉਦੋਂ ਤੋਂ ਲੈ ਕੇ RSS ਦੇ ਇਸ਼ਾਰੇ ਤੇ ਘੱਟਗਿਣਤੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਦੀ ਭਾਸ਼ਾ, ਪਹਿਰਾਵਾ, ਸੰਸਕਾਰ, ਇਤਿਹਾਸ ਇਥੋਂ ਤੱਕ ਕਿ ਧਾਰਮਿਕ ਮਾਮਲਿਆਂ 'ਚ ਦਖ਼ਲ ਵਧ ਰਿਹਾ ਹੈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ RSS ਦੇ ਪ੍ਰਭਾਵ ਵਾਲੇ ਪ੍ਰਬੰਧਕਾਂ ਨੂੰ ਧੱਕੇ ਨਾਲ ਬਿਠਾਉਣ ਦੀ ਮੁਹਿਮ ਚੱਲ ਰਹੀ ਹੈ, ਜਿਸ ਤਹਿਤ ਧਾਰਮਿਕ ਤੌਰ ’ਤੇ ਘੋਰ ਬੇਅਦਬੀਆਂ ਦਾ ਵਰਤਾਰਾ ਵਰਤ ਰਿਹਾ ਹੈ। 

ਇਹ ਵੀ ਪੜ੍ਹੋ- ਗੁਰੂਘਰ ਦੀ ਮਰਿਆਦਾ ਹੋਈ ਭੰਗ, ਆਪਸ 'ਚ ਭਿੜੀਆਂ ਦੋ ਧਿਰਾਂ, ਦੇਖੋ ਵੀਡੀਓ

ਜਿਵੇਂ ਕਿ ਪਿਛਲੇ ਦਿਨੀਂ ਅਦਾਲਤਾਂ ਨੂੰ ਪ੍ਰਭਾਵਿਤ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਹਰਿਆਣਾ 'ਚ ਵੱਖਰੀ ਕਮੇਟੀ ਦਾ ਗਠਨ ਅਤੇ ਉਸ ਤੋਂ ਬਾਅਦ ਜਬਰੀ ਗੁਰਦੁਆਰਿਆਂ 'ਤੇ ਕਬਜ਼ੇ ਅਤੇ ਬੇਅਦਬੀ ਦੀਆਂ ਘਟਨਾਵਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸੂਬੇ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤ ਦੇ ਨੁਮਾਇੰਦਿਆਂ ਵੱਲੋਂ ਇਥੇ ਪ੍ਰੈੱਸ ਕਲੱਬ 'ਚ ਇਕ ਪ੍ਰੈੱਸ ਮਿਲਣੀ ਦੌਰਾਨ ਕੀਤਾ ਗਿਆ।

ਇਹ ਵੀ ਪੜ੍ਹੋ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਪ੍ਰਬੰਧ ਸੰਭਾਲਣ ਪਿਛੋਂ ਵਧਿਆ ਟਕਰਾਅ

ਹਰਿਆਣਾ ਦੀ ਲੀਡਰਸ਼ਿਪ ਨੇ ਕਿਹਾ ਕਿ ਅੱਜ ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਇਨ੍ਹਾਂ ਦਿਨਾਂ 'ਚ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਜਿਸ ਨੂੰ ਅੰਗਰੇਜ਼ਾਂ ਦੇ ਪਿੱਠੂ ਨਰੈਣੂ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਵਲੋਂ ਇਕ ਸ਼ਾਂਤਮਈ ਮੋਰਚਾ ਲਾਇਆ ਗਿਆ ਸੀ, ਜਿਸ 'ਚ 200 ਦੇ ਕਰੀਬ ਨਿਹੱਥੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਅੱਜ ਜਦ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟੜ ਵੱਲੋਂ ਮਹੰਤ ਕਰਮਜੀਤ ਸਿੰਘ ਅਤੇ RSS ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬਾਨ ਤੇ ਧਾੜਵੀ ਬਣ ਕੇ ਗੋਲਕਾਂ ਤੋੜਨਾ ਅਤੇ ਸਿੱਖ ਸੰਗਤ ’ਤੇ ਹਮਲਾਵਰ ਹੋ ਕੇ ਉਨ੍ਹਾਂ ਨੂੰ ਕੁੱਟਣਾ ਮਾਰਨਾ ਅਤੇ ਪੁਲਸ ਦੇ ਹਵਾਲੇ ਕਰਨ ਵਾਲੀ ਘਟਨਾ ਨੇ ਨਰੈਣੂ ਮਹੰਤ ਦੀ ਕਰਤੂਤ ਨੂੰ ਅੱਜ ਤਾਜ਼ਾ ਕੀਤਾ ਹੈ।

ਇਹ ਵੀ ਪੜ੍ਹੋ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਨਾਢਾ ਸਾਹਿਬ ਦੀ ਸੰਭਾਲੀ ਕਮਾਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਮਰਿਆਦਾ ਦੇ ਘਾਣ ਚਲਦੇ ਕੀਰਤਨ ਦੌਰਾਨ ਕਟਰਾਂ ਨਾਲ ਜਿੰਦੇ ਤੋੜ ਗੋਲਕ ਤੇ ਕਬਜ਼ਾ, ਨਿਹੱਥੇ ਸਿੱਖਾਂ ਤੇ ਤਸ਼ੱਦਦ ਅਤੇ ਖੱਟੜ ਸਰਕਾਰ ਦੀ ਪੁਲਸ ਵੱਲੋਂ ਬੂਟਾਂ ਸਮੇਂ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਦੀ ਘਟਨਾ ਨੇ ਸਿੱਖ ਜਗਤ ਅਤੇ ਖ਼ਾਸ ਕਰਕੇ ਹਰਿਆਣਾ ਦੇ ਸਿੱਖਾਂ ਅੰਦਰ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਅੱਜ ਹਰਿਆਣਾ ਦੀ ਸਮੁੱਚੀ ਸਿੱਖ ਸੰਗਤ ਅਜਿਹੀ ਕਾਰਵਾਈ ਦਾ ਡੱਟ ਕੇ ਵਿਰੋਧ ਕਰਦੀ ਹੈ। ਉਥੇ ਹੀ ਅਸੀਂ ਦੇਸ਼-ਵਿਦੇਸ਼ ਅੰਦਰ ਵਸਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ RSS ਵੱਲੋਂ ਬਿਠਾਏ ਆਪਣੇ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਮਰਿਆਦਾ ਦੀ ਘੋਰ ਉਲੰਘਣਾ ਖਿਲਾਫ ਆਰੰਭੀ ਲੜਾਈ 'ਚ ਸਾਡਾ ਸਾਥ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਗੋਲਕ ਨੂੰ ਜਬਰੀ ਜਿੰਦਰੇ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਿੱਖੀ ਪ੍ਰਤੀਕਿਰਿਆ


 


author

Tanu

Content Editor

Related News