ਹਰਿਆਣਾ ਸਰਕਾਰ ਨੇ ਜਨਮ ਸਰਟੀਫ਼ਿਕੇਟ ਲਈ ਪੋਰਟਲ ਕੀਤਾ ਜਾਰੀ, ਇੰਝ ਕਰੋ ਰਜਿਸਟਰ
Thursday, Jun 09, 2022 - 02:07 PM (IST)
ਗੁਰੂਗ੍ਰਾਮ– ਹਰਿਆਣਾ ਸਰਕਾਰ ਵਲੋਂ ਜਨਮ ਸਰਟੀਫ਼ਿਕੇਟ ਨੂੰ ਲੈ ਕੇ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ, ਜਿਸ ’ਤੇ ਵਿਅਕਤੀ ਆਪਣੇ ਘਰ ਬੈਠੇ ਹੀ ਆਪਣੇ ਬੱਚਿਆਂ ਜਾਂ ਫਿਰ ਖ਼ੁਦ ਦਾ ਜਨਮ ਸਰਟੀਫ਼ਿਕੇਟ ਬਣਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਪਹਿਲਾਂ ਜਨਮ ਸਰਟੀਫ਼ਿਕੇਟ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ ਪਰ ਹੁਣ ਹਰਿਆਣਾ ’ਚ ਜਨਮ ਸਰਟੀਫ਼ਿਕੇਟ ਲਈ ਵਿਅਕਤੀ ਪੋਰਟਲ ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਜਨਮ ਸਰਟੀਫ਼ਿਕੇਟ ਇਕ ਮਹੱਤਵਪੂਰਨ ਦਸਤਾਵੇਜ਼ਾਂ ’ਚ ਗਿਣਿਆ ਜਾਂਦਾ ਹੈ। ਜਦੋਂ ਕਿਸੇ ਵਿਅਕਤੀ ਕੋਲ ਆਧਾਰ ਕਾਰਡ ਜਾਂ ਫਿਰ ਪਛਾਣ ਪੱਤਰ ਨਹੀਂ ਹੁੰਦਾ ਤਾਂ ਉਹ ਵਿਅਕਤੀ ਜਨਮ ਸਰਟੀਫ਼ਿਕੇਟ ਨੂੰ ਦਸਤਾਵੇਜ਼ ਦੇ ਰੂਪ ’ਚ ਕੰਮ ’ਚ ਲੈ ਸਕਦਾ ਹੈ। ਕੇਂਦਰ ਸਰਕਾਰ ਦੇ ਨਿਯਮ ਮੁਤਾਬਕ ਐਕਟ 1996 ਤਹਿਤ ਹਰ ਵਿਅਕਤੀ ਦਾ ਜਨਮ ਸਰਟੀਫ਼ਿਕੇਟ ਅਤੇ ਉਸ ਦੀ ਮੌਤ ਦਾ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। ਬੱਚੇ ਦੇ ਜਨਮ ਦੇ 21 ਦਿਨਾਂ ਦੇ ਅੰਦਰ-ਅੰਦਰ ਜਨਮ ਸਰਟੀਫ਼ਿਕੇਟ ਲਈ ਵਿਅਕਤੀ ਅਪਲਾਈ ਕਰ ਸਕਦਾ ਹੈ। ਜਦੋਂ ਕਾਫੀ ਸਮਾਂ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਨਮ ਸਰਟੀਫ਼ਿਕੇਟ ਬਣਨ ’ਚ ਕਾਫੀ ਸਮਾਂ ਲੱਗ ਜਾਂਦਾ ਹੈ।
ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ
ਜਨਮ ਸਰਟੀਫ਼ਿਕੇਟ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਮਾਤਾ-ਪਿਤਾ ਦਾ ਆਧਾਰ ਕਾਰਡ, ਸ਼ਨਾਖਤੀ ਕਾਰਡ (ਮਾਪਿਆਂ ਦਾ), ਰਾਸ਼ਨ ਕਾਰਡ, ਮਾਤਾ-ਪਿਤਾ ਦਾ ਵਿਆਹ ਸਰਟੀਫ਼ਿਕੇਟ, ਬੱਚੇ ਦੀ ਪਾਸਪੋਰਟ ਸਾਈਜ਼ ਫੋਟੋ, ਪਿਤਾ ਦਾ ਮੋਬਾਈਲ ਨੰਬਰ, ਬੱਚੇ ਦੀ ਜਨਮ ਮਿਤੀ, ਜਨਮ ਕਿੱਥੇ ਹੋਇਆ ਸੀ ਸਰਟੀਫਿਕੇਟ, ਹਲਫੀਆ ਬਿਆਨ ਹੋਣਾ ਜ਼ਰੂਰੀ ਹੈ।
ਇੰਝ ਕਰੋ ਰਜਿਸਟ੍ਰੇਸ਼ਨ-
ਸਭ ਤੋਂ ਪਹਿਲਾਂ ਵਿਅਕਤੀ ਨੂੰ ਜਨਮ ਸਰਟੀਫਿਕੇਟ ਲਈ ਹਰਿਆਣਾ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਇਸ ਦਾ ਮੇਨ ਪੇਜ ਵਿਅਕਤੀ ਦੇ ਸਾਹਮਣੇ ਖੁੱਲ ਜਾਵੇਗਾ। ਹੁਣ ਇਸ ਦੇ ਮੁੱਖ ਪੰਨੇ 'ਤੇ, ਡਾਊਨਲੋਡ ਫਾਰਮ ਅਤੇ ਨਿਰਦੇਸ਼ਾਂ ਦੇ ਵਿਕਲਪ 'ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਇਸ ਦਾ ਅਗਲਾ ਪੰਨਾ ਖੁੱਲ੍ਹ ਜਾਵੇਗਾ। ਅਗਲੇ ਪੇਜ 'ਤੇ, ਵਿਅਕਤੀ ਨੂੰ ਜਨਮ ਸਰਟੀਫਿਕੇਟ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਜਨਮ ਸਰਟੀਫਿਕੇਟ ਦਾ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਖੁੱਲ੍ਹ ਜਾਵੇਗਾ। ਵਿਅਕਤੀ ਨੂੰ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਵਿਚ ਮੰਗੀ ਗਈ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਵਿਅਕਤੀ ਨੂੰ ਇਸ ਫਾਰਮ ਦੇ ਨਾਲ ਦਸਤਾਵੇਜ਼ਾਂ ਦੀ ਕਾਪੀ ਨੱਥੀ ਕਰਨੀ ਹੋਵੇਗੀ।