ਵਧਦੀਆਂ ਅਪਰਾਧਕ ਘਟਨਾਵਾਂ ''ਤੇ ਬੋਲੇ ਸਾਬਕਾ ਕਾਂਗਰਸੀ ਵਿਧਾਇਕ- ''ਹੁਣ ਕਿੱਥੇ ਹੈ ਚੌਕੀਦਾਰ''
Monday, Jun 10, 2019 - 05:22 PM (IST)

ਹਿਸਾਰ (ਵਾਰਤਾ)— ਹਰਿਆਣਾ 'ਚ ਬਰਵਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਾਮਨਿਵਾਸ ਘੋੜੇਲਾ ਨੇ ਇਕ ਸਾਬਕਾ ਵਿਧਾਇਕ ਦੇ ਘਰ ਨਕਾਬਪੋਸ਼ ਬਦਮਾਸ਼ਾਂ ਦੇ ਹਮਲੇ ਅਤੇ ਇਕ ਵਿਧਾਇਕ ਦੇ ਘਰ ਚੋਰੀ ਦੀ ਘਟਨਾ ਨੂੰ ਲੈ ਕੇ ਅੱਜ ਪ੍ਰਦੇਸ਼ ਦੀ ਭਾਜਪਾ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜੋ ਲੋਕ ਚੌਕੀਦਾਰ ਬਣੇ ਫਿਰਦੇ ਸਨ, ਉਹ ਹੁਣ ਕਿੱਥੇ ਹਨ ਅਤੇ ਇਨ੍ਹਾਂ ਘਟਨਾਵਾਂ 'ਤੇ ਚੁੱਪ ਵੱਟ ਕੇ ਕਿਉਂ ਬੈਠੇ ਹਨ। ਘੋੜੇਲਾ ਨੇ ਉਕਲਾਨਾ ਦੇ ਸਾਬਕਾ ਵਿਧਾਇਕ ਨਰੇਸ਼ ਸੇਲਵਾਲ ਦੇ ਘਰ 'ਤੇ ਹੋਏ ਹਮਲੇ, ਲੁੱਟ-ਖੋਹ ਅਤੇ ਬਰਵਾਲਾ ਦੇ ਮੌਜੂਦਾ ਵਿਧਾਇਕ ਵੇਦ ਨਾਰੰਗ ਦੇ ਘਰ 'ਚ ਹੋਈ ਚੋਰੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਪ੍ਰਦੇਸ਼ 'ਚ ਵਿਧਾਇਕ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦੀ ਸੁਰੱਖਿਆ ਕਿਸ ਦੇ ਭਰੋਸੇ ਰਹੇਗੀ।
ਘੋੜੇਲਾ ਨੇ ਦੋਸ਼ ਲਾਇਆ ਕਿ ਪ੍ਰਦੇਸ਼ ਵਿਚ ਵਧ ਰਹੀਆਂ ਅਪਰਾਧਕ ਘਟਨਾਵਾਂ ਅਤੇ ਡਰ ਦੇ ਮਾਹੌਲ ਕਾਰਨ ਆਮ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਦੇਸ਼ ਦੇ ਮੰਤਰੀ ਬਦਮਾਸ਼ਾਂ ਨੂੰ ਨਾਲ ਲੈ ਕੇ ਘੁੰਮਦੇ ਹਨ ਅਤੇ ਅਪਰਾਧੀਆਂ ਨੂੰ ਸਰਕਾਰ ਦੀ ਸੁਰੱਖਿਆ ਪ੍ਰਾਪਤ ਹੈ ਅਤੇ ਉਹ ਖੁੱਲ੍ਹੇਆਮ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਨੇ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ 'ਤੇ ਤੁਰੰਤ ਰੋਕ ਲਾਈ ਜਾਵੇ ਅਤੇ ਚਿਤਾਵਨੀ ਦਿੱਤੀ ਕਿ ਨਹੀਂ ਤਾਂ ਕਾਂਗਰਸ ਆਮ ਲੋਕਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗੀ।