ਹਰਿਆਣਾ ਦੀ ਧੀ ਨੇ ਕਾਇਮ ਕੀਤਾ ਰਿਕਾਰਡ; 5 ਮਿੰਟ ’ਚ ਲਾਏ 53 ਬੂਟੇ

Sunday, Nov 14, 2021 - 05:05 PM (IST)

ਹਰਿਆਣਾ ਦੀ ਧੀ ਨੇ ਕਾਇਮ ਕੀਤਾ ਰਿਕਾਰਡ; 5 ਮਿੰਟ ’ਚ ਲਾਏ 53 ਬੂਟੇ

ਫਤਿਹਾਬਾਦ (ਰਮੇਸ਼)— ਹਰਿਆਣਾ ਦੇ ਫਤਿਹਾਬਾਦ ਦੀ ਨੇਹਾ ਨੇ ਕੁਝ ਅਜਿਹਾ ਕਰ ਵਿਖਾਇਆ, ਜਿਸ ਨਾਲ ਨਾ ਸਿਰਫ਼ ਉਸ ਨੇ ਆਪਣਾ ਅਤੇ ਆਪਣਿਆਂ ਦਾ ਨਾਂ ਰੌਸ਼ਨ ਕੀਤਾ, ਸਗੋਂ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਂ ਦਰਜ ਕਰ ਲਿਆ। ਦੋਹਾਂ ਹੀ ਸੰਸਥਾਵਾਂ ਨੇ ਨੇਹਾ ਨੂੰ ਉਸ ਦੀ ਸਫ਼ਲਤਾ ਲਈ ਸਰਟੀਫ਼ਿਕੇਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਹੈ। ਫਤਿਹਾਬਾਦ ਦੀ ਅੰਜਲੀ ਕਾਲੋਨੀ ਵਿਚ ਰਹਿਣ ਵਾਲੀ ਨੇਹਾ ਨੇ ਦੱਸਿਆ ਕਿ ਉਹ ਵਾਤਾਵਰਣ ’ਚ ਲਗਾਤਾਰ ਘੁਲਦੇ ਜ਼ਹਿਰੀਲੇ ਧੂੰਏਂ ਅਤੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਤ ਸੀ। ਵਾਤਾਵਰਣ ਨੂੰ ਬਚਾਉਣ ਦੇ ਉਦੇਸ਼ ਨਾਲ ਉਸ ਨੇ ਆਪਣਾ ਯੋਗਦਾਨ ਦਿੰਦੇ ਹੋਏ ਬੂਟੇ ਲਾਉਣ ਦੀ ਸੋਚੀ। ਉਸ ਨੇ 5 ਮਿੰਟ ’ਚ ਹੀ 53 ਬੂਟੇ ਲਾ ਦਿੱਤੇ। 5 ਮਿੰਟ ’ਚ ਬੂਟੇ ਲਾਉਣ ਦੀ ਉਸ ਨੇ ਬਕਾਇਦਾ ਵੀਡੀਓ ਵੀ ਬਣਾਈ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਨੂੰ ਭੇਜਿਆ।

ਨੇਹਾ ਨੇ ਦੱਸਿਆ ਕਿ ਦਸਤਾਵੇਜ਼ ਭੇਜ ਦੇ ਕੁਝ ਦਿਨ ਬਾਅਦ ਹੀ ਉਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਤੋਂ ਸੰਦੇਸ਼ ਆਇਆ ਕਿ ਉਸ ਨੇ 5 ਮਿੰਟ ’ਚ 53 ਬੂਟੇ ਲਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਸ ਦਾ ਨਾਂ ਇੰਡੀਆ ਬੁੱਕ ਆਫ਼  ਰਿਕਾਰਡ ’ਚ ਦਰਜ ਕੀਤਾ ਜਾ ਰਿਹਾ ਹੈ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਅਤੇ ਉਸ ਦਾ ਪਰਿਵਾਰ ਰਿਕਾਰਡ ’ਚ ਆਪਣਾ ਨਾਂ ਦਰਜ ਹੋਣ ’ਤੇ ਖੁਸ਼ੀ ਮਨਾ ਹੀ ਰਹੇ ਸਨ ਕਿ ਏਸ਼ੀਆ ਬੁੱਕ ਆਫ਼ ਰਿਕਾਰਡ ਨੇ ਉਸ ਦਾ ਨਾਂ ਦਰਜ ਕਰ ਕੇ ਉਸ ਕੋਲ ਸੰਦੇਸ਼ ਭੇਜਿਆ ਤਾਂ ਉਸ ਦੀ ਖੁਸ਼ੀ ਦੁੱਗਣੀ ਹੋ ਗਈ। ਦੋਹਾਂ ਸੰਸਥਾਵਾਂ ਨੇ ਉਸ ਦੇ ਕੰਮ ਨੂੰ ਪ੍ਰਮਾਣਿਤ ਕਰਦਿਆਂ ਬਕਾਇਦਾ ਸਰਟੀਫ਼ਿਕੇਟ ਭੇਜੇ ਹਨ ਅਤੇ ਨਾਲ ਹੀ ਮੈਡਲ ਵੀ ਦਿੱਤੇ ਹਨ। ਨੇਹਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 5 ਮਿੰਟ ’ਚ 40 ਬੂਟੇ ਲਾਉਣ ਦਾ ਰਿਕਾਰਡ ਸੀ।


author

Tanu

Content Editor

Related News