ਯੂਕ੍ਰੇਨ ਤੋਂ ਪਰਤੇ 6 ਵਿਦਿਆਰਥੀਆਂ ਨੂੰ ਮਿਲੇ CM ਮਨੋਹਰ ਖੱਟੜ
Sunday, Mar 06, 2022 - 01:47 PM (IST)
ਚੰਡੀਗੜ੍ਹ (ਭਾਸ਼ਾ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ 6 ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜੋ ਹਾਲ ਹੀ ’ਚ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਪਰਤੇ ਹਨ। ਵਿਦਿਆਰਥੀ ਸੂਬੇ ਦੇ ਨਾਰਾਇਣਗੜ੍ਹ ਅਤੇ ਅੰਬਾਲਾ ਦੇ ਰਹਿਣ ਵਾਲੇ ਹਨ। ਇੱਥੇ ਜਾਰੀ ਇਕ ਬਿਆਨ ਮੁਤਾਬਕ ਖੱਟੜ ਨੇ ਅਭਿਸ਼ੇਕ ਵਰਮਾ, ਹਰਸ਼, ਅਭਿਨਵ, ਨਿਧੀ, ਅਮਨ ਅਤੇ ਆਸ਼ੀਸ਼ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਵਿਦਿਆਰਥੀਆਂ ਨੇ ਯੂਕ੍ਰੇਨ ਤੋਂ ਵਾਪਸੀ ’ਚ ਮਦਦ ਕਰਨ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸੀ ਲਿਆਉਣ ’ਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਫਸੇ ਹੋਏ ਲੋਕਾਂ ਦੀ ਮਦਦ ਲਈ ਸੂਬਾਈ ਸਰਕਾਰ ਨੇ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ’ਤੇ ਸਹਾਇਤਾ ਡੈਸਕ ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਪੱਧਰ ’ਤੇ ਇਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜਿਸ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਪਰਿਵਾਰਾਂ ਦੇ ਸੰਪਰਕ ਵਿਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਦੇ ਬੱਚੇ ਹੁਣ ਵੀ ਯੂਕ੍ਰੇਨ ਵਿਚ ਹਨ।