106 ਸਾਲ ਦੀ ਬੇਬੇ ਬਣੀ ਮਿਸਾਲ, ਐਥਲੈਟਿਕਸ ਮੀਟ 'ਚ ਧੀ ਤੇ ਦੋਹਤੀ ਨਾਲ ਕਰੇਗੀ ਮੁਕਾਬਲਾ
Saturday, Nov 25, 2023 - 05:13 PM (IST)
ਚਰਖੀ ਦਾਦਰੀ- ਤੁਸੀਂ ਸੁਣਿਆ ਹੀ ਹੋਵੇਗਾ ਕਿ ਉਮਰ ਨਾਲ ਹਰ ਚੀਜ਼ ਬਦਲ ਜਾਂਦੀ ਹੈ ਪਰ ਹਰਿਆਣਾ ਦੇ ਚਰਖੀ ਦਾਦਰੀ ਦੀ 106 ਸਾਲਾ ਰਾਮਬਾਈ ਲਈ ਉਮਰ ਮਹਿਜ ਇਕ ਨੰਬਰ ਹੈ। ਅਗਲੇ ਮਹੀਨੇ ਰਾਮਬਾਈ 107 ਸਾਲ ਦੀ ਹੋ ਜਾਵੇਗੀ। ਉਨ੍ਹਾਂ ਦੀ ਸਿਹਤ ਦਾ ਰਾਜ਼ ਖੇਤਾਂ ਦੀ ਮਿੱਟੀ ਵਿਚ ਰੋਜ਼ਾਨਾ ਕਈ ਘੰਟੇ ਕੰਮ ਕਰਨਾ ਹੈ। ਉਸ ਤੋਂ ਇਲਾਵਾ ਘਰ ਦਾ ਦੁੱਧ, ਦਹੀਂ ਅਤੇ ਘਿਓ ਦਾ ਸੇਵਨ ਕਰਨਾ ਹੈ। ਮਹਿਜ ਤਿੰਨ ਸਾਲ ਦੇ ਕਰੀਅਰ ਵਿਚ 100 ਸੋਨ ਤਮਗੇ ਜਿੱਤਣ ਵਾਲੀ ਦਾਦੀ ਰਾਮਬਾਈ ਪੰਚਕੂਲਾ ਸੈਕਟਰ-3 ਤਾਉ ਦੇਵੀਲਾਲ ਸਪੋਰਟਸ ਕੰਪਲੈਕਸ ਵਿਚ ਆਪਣੀ ਧੀ ਅਤੇ ਦੋਹਤੀ ਨਾਲ 32ਵੀਂ ਹਰਿਆਣਾ ਸਟੇਟ ਮਾਸਟਰ ਐਥਲੈਟਿਕਸ ਮੀਟ ਦਾ ਹਿੱਸਾ ਬਣ ਰਹੀ ਹੈ।
ਮਾਨ ਕੌਰ ਦਾ ਤੋੜਿਆ ਸੀ ਰਿਕਾਰਡ
ਦੱਸ ਦੇਈਏ ਕਿ ਦਾਦਰੀ ਜ਼ਿਲ੍ਹੇ ਦੇ ਪਿੰਡ ਕਾਦਮਾ ਦੀ 106 ਸਾਲ ਦੀ ਧਾਵਕ ਸੁਪਰ ਦਾਦੀ ਰਾਮਬਾਈ ਨੇ 04 ਸਾਲ ਦੀ ਉਮਰ ਵਿਚ ਨਵੰਬਰ 2021 ਵਿਚ ਵਾਰਾਣਸੀ ਤੋਂ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2022 ਵਿਚ 100 ਮੀਟਰ ਦੌੜ ਵਿਚ ਮਾਨਕੌਰ ਦੇ ਰਿਕਾਰਡ ਨੂੰ ਤੋੜਦਿਆਂ ਨਵਾਂ ਰਿਕਾਰਡ ਬਣਾਇਆ ਸੀ।
106 ਸਾਲ ਦੀ ਉਮਰ 'ਚ ਬਣੀ ਮਿਸਾਲ
ਰਾਮਬਾਈ ਦੀ ਦੋਹਤੀ ਨੇ ਦੱਸਿਆ ਕਿ ਉਨ੍ਹਾਂ ਦੀ ਨਾਨੀ ਸਵੇਰੇ 4 ਵਜੇ ਉਠ ਕੇ ਖੇਤਾਂ ਦੇ ਕੱਚੇ ਰਸਤਿਆਂ 'ਤੇ ਅਭਿਆਸ ਕਰਦੀ ਹੈ। ਇਸ ਉਮਰ ਵਿਚ ਰੋਜ਼ 5-6 ਕਿਲੋਮੀਟਰ ਤੱਕ ਦੌੜ ਲਾਉਂਦੀ ਹੈ। 90 ਦੀ ਉਮਰ ਤੱਕ ਪਹੁੰਚ ਕੇ ਜ਼ਿਆਦਤਰ ਲੋਕ ਬਿਸਤਰਾ ਫੜ ਲੈਂਦੇ ਹਨ। ਇਸ ਦੇ ਉਲਟ ਰਾਮਬਾਈ 106 ਸਾਲ ਦੀ ਉਮਰ ਵਿਚ ਵੀ ਮਿਸਾਲ ਬਣੀ ਹੈ ਅਤੇ ਖੇਡਾਂ ਵਿਚ ਹਿੱਸਾ ਲੈ ਰਹੀ ਹੈ।