ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ; ਹਰਿਆਣਾ ’ਚ ਸ਼ਰਾਬ ਪੀਣ ਦੀ ਉਮਰ 4 ਸਾਲ ਘਟਾਈ ਗਈ
Tuesday, Feb 22, 2022 - 01:29 PM (IST)
ਹਿਸਾਰ (ਵਾਰਤਾ)— ਹਰਿਆਣਾ ’ਚ ਸ਼ਰਾਬ ਪੀਣ ਦੀ ਉਮਰ ਕਾਨੂੰਨੀ ਤੌਰ ’ਤੇ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੇਮੰਤ ਕੁਮਾਰ ਨੇ ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਮਹੀਨੇ ਪਹਿਲਾਂ ਦਸੰਬਰ 2021 ’ਚ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ’ਚ ਪ੍ਰਦੇਸ਼ ’ਚ ਲਾਗੂ ਆਬਕਾਰੀ (ਐਕਸਾਈਜ਼) ਕਾਨੂੰਨ, 1914 ਦੀਆਂ ਕੁੱਲ 4 ਧਾਰਾਵਾਂ ’ਚ ਸੋਧ ਕੀਤਾ ਗਿਆ ਸੀ। ਵਿਧਾਨ ਸਭਾ ਵਲੋਂ 31 ਦਸੰਬਰ 2021 ਨੂੰ ਪਾਸ ਹਰਿਆਣਾ ਆਬਕਾਰੀ (ਸੋਧ) ਬਿੱਲ, 2021 ਨੂੰ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਮਨਜ਼ੂਰੀ ਮਗਰੋਂ 11 ਫਰਵਰੀ ਤੋਂ ਉਕਤ ਸੋਧ ਕਾਨੂੰਨ ਨੂੰ ਹਰਿਆਣਾ ਸਰਕਾਰ ਦੇ ਗਜਟ ’ਚ ਪ੍ਰਕਾਸ਼ਤ ਕਰ ਦਿੱਤਾ ਗਿਆ, ਜੋ ਕਿ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ।
ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਸੂਬੇ ਪਹਿਲਾਂ ਹੀ ਸ਼ਰਾਬ ਪੀਣ ਦੀ ਉਮਰ ਨੂੰ ਘਟਾ ਚੁੱਕੇ ਹਨ। ਸੋਧ ਨੂੰ ਲੈ ਕੇ ਇਹ ਤਰਕ ਦਿੱਤਾ ਗਿਆ ਹੈ ਕਿ ਮੌਜੂਦਾ ਸਮਾਜਿਕ, ਆਰਥਿਕ ਹਾਲਾਤ ’ਚ ਪਹਿਲਾਂ ਦੀ ਤੁਲਨਾ ’ਚ ਕਾਫੀ ਬਦਲਾਅ ਆਇਆ ਹੈ। ਪਹਿਲਾਂ ਕਾਨੂੰਨ ਮੁਤਾਬਕ ਧਾਰਾ 27 ਤਹਿਤ ਵਿਵਸਥਾ ਸੀ ਕਿ ਕਿਸੇ ਵੀ ਦੇਸੀ ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਦੇ ਨਿਰਮਾਣ, ਥੋਕ ਜਾਂ ਖੁਦਰਾ ਵਿਕਰੀ ਲਈ ਪੱਟਾ ਸੂਬਾ ਸਰਕਾਰ ਵਲੋਂ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ ਹੈ, ਜਿਸ ਨੂੰ ਹੁਣ ਕਾਨੂੰਨੀ ਸੋਧ ਤੋਂ ਬਾਅਦ ਘਟਾ ਕੇ 21 ਸਾਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਧਾਰਾ-29 ਕਿਸੇ ਵੀ ਲਾਇਸੈਂਸਧਾਰੀ ਵਿਕ੍ਰੇਤਾ ਜਾਂ ਅਜਿਹੇ ਵਿਕ੍ਰੇਤਾ ਦੀ ਨੌਕਰੀ ’ਚ ਜਾਂ ਉਸ ਵਲੋਂ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਨੂੰ ਵੇਚਣ ’ਤੇ ਪਾਬੰਦ ਕਰਦੀ ਸੀ, ਜਿਸ ’ਚ ਹੁਣ ਸੋਧ ਕਰ ਕੇ 21 ਸਾਲ ਦੀ ਉਮਰ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਾਰਾ-30 ’ਚ ਵਿਵਸਥਾ ਸੀ ਕਿ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਪੁਰਸ਼ ਜਾਂ ਕਿਸੇ ਵੀ ਮਹਿਲਾ ਨੂੰ ਕਿਸੇ ਵੀ ਵਿਅਕਤੀ ਵਲੋਂ ਅਜਿਹੀ ਨੌਕਰੀ ’ਚ ਨਹੀਂ ਰੱਖਿਆ ਜਾ ਸਕਦਾ, ਜਿਨ੍ਹਾਂ ਕੋਲ ਆਪਣੇ ਕੰਪਲੈਕਸ ’ਚ ਉਪਭੋਗ ਲਈ ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਵੇਚਣ ਦਾ ਲਾਇਸੈਂਸ ਹੋਵੇ। ਇਸ ਵਿਚ ਵੀ ਸੋਧ ਕਰ ਕੇ ਉਮਰ ਨੂੰ ਘਟਾ ਕੇ 21 ਸਾਲ ਕਰ ਦਿੱਤਾ ਗਿਆ ਹੈ।