ਸਹੇਲੀ ਲਈ ਦਾਅ ''ਤੇ ਲਾ ''ਤੀ ਨੌਕਰੀ, ਫਰਜ਼ੀ ਤਰੀਕੇ ਨਾਲ ਪ੍ਰੀਖਿਆ ਦਿੰਦੇ ਫੜੀਆਂ ਗਈਆਂ ਮਹਿਲਾ SI ਤੇ ਕਾਂਸਟੇਬਲ
Tuesday, Oct 24, 2023 - 12:35 PM (IST)
ਕੈਥਲ- ਬੀਤੀ 21 ਅਤੇ 22 ਅਕਤੂਬਰ ਨੂੰ ਹਰਿਆਣਾ ਵਿਚ ਹਰਿਆਣਾ ਸਟਾਫ਼ ਚੋਣ ਕਮਿਸ਼ਨ (HSSC) ਗਰੁੱਪ-ਡੀ ਦੀ ਪ੍ਰੀਖਿਆ ਕਰਵਾਈ ਸੀ। ਜਿਸ ਵਿਚ ਕਰੀਬ ਸਾਢੇ 13 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਇਸ ਦੌਰਾਨ ਪ੍ਰਦੇਸ਼ ਸਰਕਾਰ ਨੇ ਪ੍ਰੀਖਿਆ ਨੂੰ ਲੈ ਕੇ ਕਾਫੀ ਸਖ਼ਤਾਈ ਕਰਨ ਦਾ ਦਾਅਵਾ ਕੀਤਾ ਸੀ ਅਤੇ ਬਹੁਤ ਹੱਦ ਤੱਕ ਉਹ ਇਸ ਵਿਚ ਸਫ਼ਲ ਵੀ ਰਹੇ ਪਰ ਫਰਜ਼ੀਵਾੜਾ ਕਰਨ ਵਾਲੇ ਪ੍ਰਸ਼ਾਸਨ ਤੋਂ ਵੀ ਦੋ ਕਦਮ ਅੱਗੇ ਨਿਕਲ ਗਏ। ਕਿਸੇ ਦੂਜੇ ਦੀ ਥਾਂ 'ਤੇ ਪ੍ਰੀਖਿਆ ਵਿਚ ਬੈਠਣ ਦਾ ਸਿਲਸਿਲਾ ਬਦਸਤੂਰ ਜਾਰੀ ਰਿਹਾ। ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨੂੰ ਫੜਿਆ ਵੀ ਅਤੇ ਉਨ੍ਹਾਂ 'ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਸ ਕੰਮ ਵਿਚ ਸਰਕਾਰੀ ਕਾਮੇ ਦਾ ਵੀ ਨਾਂ ਸ਼ਾਮਲ ਹੈ। ਕੈਥਲ ਦੇ ਗੁਹਲਾ ਚੀਕਾ 'ਚ ਦੋ ਮਹਿਲਾ ਕਰਮੀਆਂ ਨੂੰ ਇਸ ਫਰਜ਼ੀਵਾੜੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ ਐਤਵਾਰ ਸ਼ਾਮ ਦੇ ਸੈਸ਼ਨ ਦੌਰਾਨ ਇਹ ਔਰਤਾਂ ਦੁਸੇਰਪੁਰ ਸਥਿਤ ਸ਼ਾਰਦਾ ਪਬਲਿਕ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਕਿਸੇ ਹੋਰ ਦੀ ਥਾਂ ਪੇਪਰ ਦੇਣ ਆਈਆਂ ਸਨ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪ੍ਰਸ਼ਾਸਨ ਵੀ ਹੈਰਾਨ ਰਹਿ ਗਿਆ, ਕਿਉਂਕਿ ਇਹ ਦੋਵੇਂ ਔਰਤਾਂ ਪੁਲਸ ਵਿਭਾਗ ਨਾਲ ਜੁੜੀਆਂ ਹੋਈਆਂ ਸਨ। ਪੁਲਸ ਨੇ ਬੀਤੀ ਰਾਤ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਆਰਜ਼ੀ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਹੈ।
ਓਧਰ ਕੈਥਲ SP ਉਪਾਸਨਾ ਨੇ ਦੱਸਿਆ ਕਿ ਸੀ. ਈ. ਟੀ ਗਰੁੱਪ-ਡੀ ਦੀ ਪ੍ਰੀਖਿਆ 21 ਅਤੇ 22 ਅਕਤੂਬਰ ਨੂੰ ਕਰਵਾਈ ਗਈ ਸੀ। ਸੁਪਰਡੈਂਟ ਦਰਸ਼ਨਾ ਦੇਵੀ ਦੀ ਸ਼ਿਕਾਇਤ ਮੁਤਾਬਕ ਉਨ੍ਹਾਂ ਦੇ ਕੇਂਦਰ 'ਤੇ ਦੋ ਉਮੀਦਵਾਰਾਂ ਦੇ ਬਾਇਓਮੈਟ੍ਰਿਕਸ ਮੇਲ ਨਹੀਂ ਖਾਂਦੇ। ਦੋਵੇਂ ਉਮੀਦਵਾਰ ਪ੍ਰੀਖਿਆ ਸਬੰਧੀ ਆਪਣੀ ਪਛਾਣ ਨਹੀਂ ਦਿਖਾ ਸਕੇ, ਜੋ ਹੋਰ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਆਏ ਸਨ। ਕਵਿਤਾ ਇਕ ਮਹਿਲਾ ਪ੍ਰੀਖਿਆਰਥੀ ਜੋ ਰਿਤੂ ਦੀ ਥਾਂ 'ਤੇ ਪ੍ਰੀਖਿਆ ਦੇ ਰਹੀ ਸੀ। ਦੂਜੀ ਉਮੀਦਵਾਰ ਅਮਰਲਤਾ ਸੀ, ਜੋ ਪੂਜਾ ਦੀ ਜਗ੍ਹਾ ਪ੍ਰੀਖਿਆ ਦੇ ਰਹੀ ਸੀ।
ਜੇਕਰ ਇਸ ਮਾਮਲੇ 'ਚ ਪੁਲਸ ਦੀ ਜਾਂਚ ਦੇ ਖੁਲਾਸੇ 'ਤੇ ਨਜ਼ਰ ਮਾਰੀਏ ਤਾਂ ਦੋਵਾਂ ਲੜਕੀਆਂ ਨੇ ਆਪਣੀ ਦੋਸਤੀ ਨੂੰ ਕਾਇਮ ਰੱਖਣ ਲਈ ਇਹ ਖਤਰਨਾਕ ਕਦਮ ਚੁੱਕਿਆ, ਕਿਉਂਕਿ ਦੋਵੇਂ ਪੁਲਸ ਵਿਭਾਗ 'ਚ ਨੌਕਰੀ ਕਰਦੇ ਸਨ। ਜਿਸ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਦੋਵੇਂ ਕਾਨੂੰਨ ਤੋਂ ਅਣਜਾਣ ਸਨ। ਪਰ ਜੇਕਰ ਸੂਤਰਾਂ ਤੋਂ ਮਿਲੀ ਜਾਣਕਾਰੀ ਨੂੰ ਆਧਾਰ ਮੰਨਿਆ ਜਾਵੇ ਤਾਂ ਇਹ ਵੀ ਸੰਭਵ ਹੈ ਕਿ ਦੋਵਾਂ ਨੇ ਆਪਣੀ ਵੱਖਰੀ ਦੋਸਤੀ ਬਣਾਈ ਰੱਖਣ ਲਈ ਇੰਨਾ ਵੱਡਾ ਕਦਮ ਚੁੱਕਿਆ ਹੋਵੇ। ਕਿਉਂਕਿ ਅਕਸਰ ਦੋਸਤ ਤਰਸ ਕਰਕੇ ਜਾਂ ਦੋਸਤੀ ਨੂੰ ਕਾਇਮ ਰੱਖਣ ਲਈ ਅਜਿਹਾ ਕਦਮ ਚੁੱਕਦੇ ਹਨ, ਜਦੋਂ ਕਿ ਦੋਸਤੀ ਦੇ ਨਤੀਜੇ ਕੀ ਹੋ ਸਕਦੇ ਹਨ ਇਹ ਅਕਸਰ ਦੇਖਿਆ ਨਹੀਂ ਜਾਂਦਾ ਹੈ। ਕੁੱਲ ਮਿਲਾ ਕੇ ਜੇਕਰ ਦੋਹਾਂ ਕੁੜੀਆਂ ਨੇ ਸਿਰਫ ਆਪਣੀ ਦੋਸਤੀ ਬਣਾਈ ਰੱਖਣ ਲਈ ਅਜਿਹਾ ਕੀਤਾ ਤਾਂ ਹੁਣ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਸਹੇਲੀਆਂ ਨੂੰ ਚੁੱਕੇ ਗਏ ਇਸ ਕਦਮ 'ਤੇ ਪਛਤਾਣਾ ਹੋਵੇਗਾ। ਸ਼ਾਇਦ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਦੋਸਤੀ ਕਾਰਨ ਉਨ੍ਹਾਂ ਨੂੰ ਇੰਨੀ ਵੱਡੀ ਸਜ਼ਾ ਭੁਗਤਣੀ ਪਵੇਗੀ।