ਹਰਿਆਣਾ: ਕਿਸਾਨਾਂ ਦਾ ਧਰਨਾ, ਟਿਕੈਤ ਬੋਲੇ- ਸਾਥੀਆਂ ਨੂੰ ਰਿਹਾਅ ਕਰੇ ਜਾਂ ਸਾਨੂੰ ਵੀ ਗਿ੍ਰਫ਼ਤਾਰ ਕਰੇ ਪੁਲਸ
Sunday, Jun 06, 2021 - 03:31 PM (IST)
ਟੋਹਾਨਾ— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ਸਦਰ ਥਾਣੇ ਦੇ ਬਾਹਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੁਣ ਵੀ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗੇਂਦਰ ਯਾਦਵ ਦੀ ਅਗਵਾਈ ਵਿਚ ਸੈਂਕੜੇ ਕਿਸਾਨ ਇੱਥੇ ਧਰਨੇ ’ਤੇ ਬੈਠੇ ਹੋਏ ਹਨ। ਕਿਸਾਨ ਸ਼ਨੀਵਾਰ ਰਾਤ ਤੋਂ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਧਾਇਕ ਦਵਿੰਦਰ ਬਬਲੀ ਦੀ ਵਿਵਾਦਪੂਰਨ ਟਿੱਪਣੀ ਦੇ ਵਿਰੋਧ ਵਿਚ ਅਤੇ ਗਿ੍ਰਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ: ਟੋਹਾਨਾ ਪਹੁੰਚੇ ਰਾਕੇਸ਼ ਟਿਕੈਤ, ਬੋਲੇ- ‘ਵਾਰੰਟ ਪੱਕੇ ਬਣਾਉਣਾ, ਕਿਸਾਨ ਪੱਕੀ ਗਿ੍ਰਫ਼ਤਾਰੀ ਦੇਣ ਆਏ ਹਨ’
ਵਿਧਾਇਕ ਨੇ ਆਖੇ ਸਨ ਅਪਸ਼ਬਦ-
ਕਿਸਾਨਾਂ ਦਾ ਦੋਸ਼ ਹੈ ਕਿ ਟੋਹਾਨਾ ਦੇ ਵਿਧਾਇਕ ਦਵਿੰਦਰ ਬਬਲੀ ਨੇ 1 ਜੂਨ ਨੂੰ ਝਗੜੇ ਦੌਰਾਨ ਅਪਸ਼ਬਦ ਅਤੇ ਅਣਉੱਚਿਤ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ ਕਿਸਾਨਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ, ਜਿਸ ਤੋਂ ਬਾਅਦ ਕਈ ਗਿ੍ਰਫ਼ਤਾਰੀਆਂ ਹੋਈਆਂ। ਹਾਲਾਂਕਿ ਹੁਣ ਵਿਧਾਇਕ ਬਬਲੀ ਨੇ ਕਿਸਾਨਾਂ ਖ਼ਿਲਾਫ਼ ਅਣਉੱਚਿਤ ਸ਼ਬਦ ਇਸਤੇਮਾਲ ਕੀਤੇ ਜਾਣ ’ਤੇ ਦੁੱਖ ਪ੍ਰਗਟਾਇਆ ਹੈ।
ਵਿਧਾਇਕ ਦਾ ਕਹਿਣਾ ਹੈ ਕਿ ਮੈਂ 1 ਜੂਨ ਦੀ ਘਟਨਾ ਵਿਚ ਸ਼ਾਮਲ ਲੋਕਾਂ ਨੂੰ ਮੁਆਫ਼ ਕਰਦਾ ਹਾਂ ਅਤੇ ਉਸ ਸਮੇਂ ਮੇਰੀ ਟਿੱਪਣੀ ਲਈ ਮੁਆਫ਼ੀ ਮੰਗਦਾ ਹਾਂ। ਵਿਧਾਇਕ ਬਬਲੀ ਦੇ ਬਿਆਨ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਧਾਇਕ ਨੇ ਕਿਹਾ ਹੈ ਕਿ ਉਹ ਕਿਸਾਨਾਂ ਖ਼ਿਲਾਫ਼ ਕੇਸ ਵਾਪਸ ਲੈ ਲਵੇਗਾ, ਉਸ ਨੇ ਮੁਆਫ਼ੀ ਵੀ ਮੰਗੀ ਹੈ। ਹੁਣ ਪੁਲਸ ਕਿਸਾਨਾਂ ਨੂੰ ਕਿਉਂ ਨਹੀਂ ਛੱਡ ਰਹੀ ਹੈ ਅਤੇ ਕੀ ਕੇਸ ਲਗਾਉਣਾ ਚਾਹੁੰਦੀ ਹੈ? ਤੁਸੀਂ ਸਾਨੂੰ ਵੀ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿਓ ਜਾਂ ਸਾਡੇ ਸਾਥੀਆਂ ਨੂੰ ਰਿਹਾਅ ਕਰ ਦਿਓ।
ਇਹ ਵੀ ਪੜ੍ਹੋ: ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ
ਕੀ ਹੈ ਪੂਰਾ ਮਾਮਲਾ-
ਜ਼ਿਕਰਯੋਗ ਹੈ ਕਿ 1 ਜੂਨ ਨੂੰ ਜੇ. ਜੇ. ਪੀ. ਵਿਧਾਇਕ ਬਬਲੀ ਖ਼ਿਲਾਫ਼ ਕਿਸਾਨਾਂ ਦੇ ਇਕ ਸਮੂਹ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਕਾਲੇ ਝੰਡੇ ਦਿਖਾਏ ਸਨ। ਬਬਲੀ ਨੇ ਦੋਸ਼ ਲਾਇਆ ਸੀ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਅਤੇ ਉਨ੍ਹਾਂ ਦੀ ਐੱਸ. ਯੂ. ਵੀ. ਕਾਰ ਦੇ ਸਾਹਮਣੇ ਦੇ ਸ਼ੀਸ਼ੇ ਨੂੰ ਤੋੜ ਦਿੱਤਾ। ਹਾਲਾਂਕਿ ਕਿਸਾਨਾਂ ਦਾ ਦੋਸ਼ ਹੈ ਕਿ ਬਬਲੀ ਨੇ ਜਨਤਕ ਰੂਪ ਨਾਲ ਕਿਸਾਨਾਂ ਖ਼ਿਲਾਫ਼ ਅਣਉੱਚਿਤ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ