ਮਹਾਰਾਸ਼ਟਰ ’ਚ ਹਨੂੰਮਾਨ ਚਾਲੀਸਾ ਵਿਵਾਦ ਭਖਿਆ, ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਗ੍ਰਿਫ਼ਤਾਰ

Sunday, Apr 24, 2022 - 10:15 AM (IST)

ਮਹਾਰਾਸ਼ਟਰ ’ਚ ਹਨੂੰਮਾਨ ਚਾਲੀਸਾ ਵਿਵਾਦ ਭਖਿਆ, ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਪੁਲਸ ਨੇ ਸੂਬੇ ਦੇ ਵਿਧਾਇਕ ਰਵੀ ਰਾਣਾ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਨਵਨੀਤ ਰਾਣਾ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਗ੍ਰਿਫ਼ਤਾਰੀ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੋੜੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨਿੱਜੀ ਨਿਵਾਸ ਮਾਤੋਸ਼੍ਰੀ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਘੰਟਿਆਂ ਚੱਲੇ ਘਟਨਾਚੱਕਰ ਵਿਚ ਪੁਲਸ ਜੋੜੇ ਨੂੰ ਮੁੰਬਈ ਦੇ ਉਪਨਗਰ ਖਾਰ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਆਪਣੇ ਨਾਲ ਥਾਣੇ ਲੈ ਗਈ ਸੀ। ਪੁਲਸ ਨੇ ਜੋੜੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 153ਏ (ਵੱਖ-ਵੱਖ ਭਾਈਚਾਰਿਆਂ ਵਿਚ ਧਰਮ ਆਦਿ ਦੇ ਨਾਂ ’ਤੇ ਨਫ਼ਰਤ ਪੈਦਾ ਕਰਨਾ) ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਇਸੇ ਆਧਾਰ ’ਤੇ ਕੀਤੀ ਗਈ ਹੈ। ਉਥੇ ਹੀ ਸ਼ਿਵ ਸੈਨਾ ਵਰਕਰਾਂ ਨੇ ਉਸ ਇਮਾਰਤ ਨੂੰ ਘੇਰ ਲਿਆ ਸੀ ਜਿਥੇ ਰਾਣਾ ਜੋੜਾ ਰਹਿੰਦੇ ਹਨ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਸਰਕਾਰ ਨੇ ਯੂਕ੍ਰੇਨ ਸੰਘਰਸ਼, ਦਿੱਲੀ ਦੰਗਿਆਂ ਦੀ ਕਵਰੇਜ਼ 'ਤੇ ਟੀ.ਵੀ. ਚੈਨਲਾਂ ਨੂੰ ਦਿੱਤੀ ਸਖ਼ਤ ਹਿਦਾਇਤ

ਰਵੀ ਆਜ਼ਾਦ ਵਿਧਾਇਕ ਅਤੇ ਨਵਨੀਤ ਆਜ਼ਾਦ ਸੰਸਦ ਮੈਂਬਰ ਹਨ। ਪੁਲਸ ਅਧਿਕਾਰੀਆਂ ਨੇ ਜੋੜੇ ਨੂੰ ਪੱਛਮੀ ਮੁੰਬਈ ਸਥਿਤ ਖਾਰ ਪੁਲਸ ਥਾਣੇ ਚੱਲਣ ਲਈ ਪਹਿਲਾਂ ਰਾਜ਼ੀ ਕੀਤਾ। ਸ਼ੁਰੂਆਤ ਵਿਚ ਜੋੜੇ ਨੂੰ ਇਮਾਰਤ ਵਿਚ ਪੁਲਸ ਦੇ ਨਾਲ ਬਹਿਸ ਕਰਦੇ ਦੇਖਿਆ ਗਿਆ। ਜੋੜੇ ਨੇ ਕਿਹਾ ਕਿ ਉਹ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਕਿ ਉਨ੍ਹਾਂ ਸ਼ਿਵ ਸੈਨਾ ਨੇਤਾਵਾਂ ਖ਼ਿਲਾਫ਼ ਵੀ ਅਪਰਾਧਿਕ ਮੁਕੱਦਮਾ ਦਰਜ ਨਹੀਂ ਹੁੰਦਾ, ਜਿਨ੍ਹਾਂ ਨੇ ਉਨ੍ਹਾਂ ਨੂੰ ਕਥਿਤ ਧਮਕੀ ਦਿੱਤੀ ਹੈ। ਨਵਨੀਤ ਰਾਣਾ ਨੇ ਪੁਲਸ ਨੂੰ ਵਾਰੰਟ ਵੀ ਦਿਖਾਉਣ ਦੀ ਮੰਗ ਕੀਤੀ। ਹਾਲਾਂਕਿ ਬਾਅਦ ਵਿਚ ਉਹ ਇਮਾਰਤ ਵਿਚੋਂ ਨਿਕਲਣ ਲਈ ਤਿਆਰ ਹੋਈ ਅਤੇ ਜੋੜਾ 2 ਪੁਲਸ ਵਾਹਨਾਂ ਵਿਚ ਸਵਾਰ ਹੋਇਆ।

ਇਹ ਵੀ ਪੜ੍ਹੋ : ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼

ਸ਼ਿਵ ਸੈਨਾ ਗੁੰਡਿਆਂ ਦੀ ਪਾਰਟੀ
ਨਵਨੀਤ ਰਾਣਾ ਨੇ ਕਿਹਾ ਕਿ ਬਾਲਾ ਸਾਹਿਬ ਦੇ ਨਾਲ ਹੀ ਉਨ੍ਹਾਂ ਦੇ ਸ਼ਿਵ ਸੈਨਿਕ ਕਦੋਂ ਦੇ ਚਲੇ ਗਏ। ਅੱਜ ਦੀ ਸ਼ਿਵ ਸੈਨਾ ਗੁੰਡਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਊਧਵ ਠਾਕਰੇ ਦੇ ਇਸ਼ਾਰਿਆਂ ’ਤੇ ਗੁੰਡਾਗਰਦੀ ਕਰਨ ਦਾ ਕੰਮ ਮਹਾਰਾਸ਼ਟਰ ਵਿਚ ਕੀਤਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News