ਦਾਜ ਦੇ ਲਾਲਚੀ ਸਹੁਰਿਆਂ ਦੀ ਸ਼ਰਮਨਾਕ ਕਰਤੂਤ, ਨੂੰਹ ਨੂੰ ਪਿਆਇਆ ਤੇਜ਼ਾਬ
Wednesday, Jul 21, 2021 - 05:36 PM (IST)
ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਪੁਲਸ ਨੇ 22 ਸਾਲਾ ਇਕ ਮਹਿਲਾ ਨੂੰ ਤੇਜ਼ਾਬ ਪਿਲਾਏ ਜਾਣ ’ਤੇ ਉਸ ਦੇ ਸਹੁਰੇ ਪਰਿਵਾਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਆਪਣੀ ਨੂੰਹ ਨੂੰ ਤੇਜ਼ਾਬ ਪਿਲਾਇਆ। ਓਧਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਟਵੀਟ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ।
ਸਵਾਤੀ ਨੇ ਟਵੀਟ ਵਿਚ ਦੱਸਿਆ ਸੀ ਕਿ ਉਹ ਦਿੱਲੀ ਵਿਚ ਪੀੜਤਾ ਨੂੰ ਮਿਲਣ ਗਈ ਸੀ। ਗਵਾਲੀਅਰ ਦੀ ਕੁੜੀ ਨੂੰ ਉਸ ਦੇ ਪਤੀ ਨੇ ਤੇਜ਼ਾਬ ਪਿਲਾਇਆ, ਜਿਸ ਕਾਰਨ ਉਸ ਦੇ ਅੰਗ ਸੜ ਗਏ। ਹੁਣ ਤੱਕ ਕੋਈ ਗਿ੍ਰਫ਼ਤਾਰੀ ਨਹੀਂ ਹੋਈ। ਲੜਕੀ ਦਾ ਇਲਾਜ ਅਸੀਂ ਦਿੱਲੀ ਵਿਚ ਕਰਵਾ ਰਹੇ ਹਾਂ ਅਤੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ। ਇਸ ਤੋਂ ਬਾਅਦ ਗਵਾਲੀਅਰ ਪੁਲਸ ਨੇ ਕਾਰਵਾਈ ਕੀਤੀ ਹੈ।
ਓਧਰ ਐੱਸ. ਪੀ. ਅਮਿਤ ਸਾਂਘੀ ਨੇ ਕਿਹਾ ਕਿ ਦਿੱਲੀ ਵਿਚ ਕਾਰਜਕਾਰੀ ਮੈਜਿਸਟ੍ਰੇਟ ਦੇ ਸਾਹਮਣੇ ਪੀੜਤਾ ਵਲੋਂ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਪੁਲਸ ਨੇ ਮੰਗਲਵਾਰ ਸ਼ਾਮ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਦਾਜ ਦੇ ਮਾਮਲੇ ਵਿਚ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 307 (ਕਤਲ ਦੀ ਕੋਸ਼ਿਸ਼) ਅਤੇ 326ਏ (ਤੇਜ਼ਾਬ ਦੇ ਇਸਤੇਮਾਲ ਨਾਲ ਗੰਭੀਰ ਸੱਟਾਂ ਪਹੁੰਚਾਉਣਾ) ਵੀ ਜੋੜੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਘਟਨਾ 28 ਜੂਨ ਨੂੰ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਦੀ ਹੈ। ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਤੇਜ਼ਾਬ ਪਿਲਾ ਦਿੱਤਾ।
ਪੁਲਸ ਅਧਿਕਾਰੀ ਮੁਤਾਬਕ ਪੀੜਤਾ ਦਾ ਇਸ ਸਾਲ ਅਪੈ੍ਰਲ ਵਿਚ ਡਬਰਾ ਦੇ ਇਕ ਵਿਅਕਤੀ ਨਾਲ ਵਿਆਹ ਹੋਇਆ ਸੀ। ਪੀੜਤਾ ਦੀ ਹਾਲਤ ਖਰਾਬ ਹੋਣ ’ਤੇ ਉਸ ਨੂੰ ਇਲਾਜ ਲਈ ਦਿੱਲੀ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਿੱਤਾ ਕਿ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਤੇਜ਼ਾਬ ਪਿਲਾਇਆ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੋ ਹੋਰਨਾਂ ਦੀ ਭਾਲ ਜਾਰੀ ਹੈ।