ਗਟਰ 'ਚ ਸਫ਼ਾਈ ਕਰਨ ਉਤਰੇ 7 ਲੋਕਾਂ ਦੀ ਮੌਤ

Saturday, Jun 15, 2019 - 09:43 AM (IST)

ਗਟਰ 'ਚ ਸਫ਼ਾਈ ਕਰਨ ਉਤਰੇ 7 ਲੋਕਾਂ ਦੀ ਮੌਤ

ਵਡੋਦਰਾ— ਗੁਜਰਾਤ 'ਚ ਵਡੋਦਰਾ ਜ਼ਿਲੇ ਦੇ ਡਭੋਈ ਖੇਤਰ ਦੇ ਫਰਤੀਕੁਈ ਪਿੰਡ 'ਚ ਸ਼ੁੱਕਰਵਾਰ ਦੇਰ ਰਾਤ ਗਟਰ ਅਤੇ ਉਸ ਨਾਲ ਜੁੜੇ ਖੂਹ (ਸਥਾਨਕ ਭਾਸ਼ਾ 'ਚ ਖਾਰਕੁੰਆਂ) ਦੀ ਸਫ਼ਾਈ ਕਰਨ ਇਸ 'ਚ ਉਤਰੇ 4 ਸਫ਼ਾਈ ਕਰਮਚਾਰੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮ੍ਰਿਤਕਾਂ 'ਚ ਉਸ ਦਰਸ਼ਨ ਹੋਟਲ ਦੇ 3 ਕਰਮਚਾਰੀ ਵੀ ਸਨ, ਜਿਸ ਨੇੜੇ ਇਹ ਹਾਦਸਾ ਹੋਇਆ। ਹੋਟਲ ਮਾਲਕ ਹਸਨ ਅੱਬਾਸ ਘਟਨਾ ਦੇ ਬਾਅਦ ਤੋਂ ਹੀ ਫਰਾਰ ਦੱਸਿਆ ਜਾ ਰਿਹਾ ਹੈ। ਉਸ ਨੇ ਹੋਟਲ 'ਚ ਵੀ ਤਾਲਾ ਲੱਗਾ ਦਿੱਤਾ ਹੈ। ਮ੍ਰਿਤਕ ਸਫ਼ਾਈ ਕਰਮਚਾਰੀਆਂ 'ਚ ਇਕ ਪਿਤਾ-ਪੁੱਤਰ ਦੀ ਜੋੜੀ ਵੀ ਸ਼ਾਮਲ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੀ ਮੌਤ ਗਟਰ ਲਾਈਨ 'ਚ ਰਹਿਣ ਵਾਲੀ ਗੈਸ ਨਾਲ ਦਮ ਘੁੱਟਣ ਕਾਰਨ ਹੋਈ ਹੈ ਜਾਂ ਇਹ ਸਾਰੇ ਡੁੱਬਣ ਨਾਲ ਮਰੇ ਹਨ।

ਮ੍ਰਿਤਕਾਂ ਦੀ ਪਛਾਣ ਹਿਤੇਸ਼ ਹਰਿਜਨ (23) ਅਤੇ ਉਸ ਦੇ ਪਿਤਾ ਅਸ਼ੋਕ ਹਰਿਜਨ (45), ਮਹੇਸ਼ ਹਰਿਜਨ (25) ਅਤੇ ਮਹੇਸ਼ ਪਾਟਨਵਾਡੀਆ (46) (ਚਾਰੇ ਸਫ਼ਾਈ ਕਰਮਚਾਰੀ ਅਤੇ ਨਜ਼ਦੀਕੀ ਥੁਵਾਵੀ ਪਿੰਡ ਦੇ ਵਾਸੀ) ਅਤੇ ਹੋਟਲ ਦੇ ਤਿੰਨ ਕਰਮਚਾਰੀਆਂ ਅਜੇ ਵਸਾਵਾ (24, ਵਾਸੀ ਕਾਦਵਲੀ ਪਿੰਡ ਜ਼ਿਲਾ ਭਰੂਚ), ਵਿਜੇ ਚੌਧਰੀ (22) ਅਤੇ ਸ਼ਹਿਦੇਵ ਵਸਾਨਾ (22) (ਦੋਵੇਂ ਸੂਰਤ ਜ਼ਿਲੇ ਦੇ ਉਮਰਪਦਾ ਤਾਲੁਕਾ ਦੇ ਵੇਲਾਵੀ ਪਿੰਡ-ਪਿੰਡ ਵਾਸੀ) ਦੇ ਰੂਪ 'ਚ ਕੀਤੀ ਗਈ ਹੈ। ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News