ਗੁਰੂਗ੍ਰਾਮ : ਪੀੜਤ ਪਰਿਵਾਰ ਬੋਲਿਆ-ਗੁਆਂਢੀ ਸਾਥ ਦਿੰਦੇ ਤਾਂ ਨਾ ਵਾਪਰਦੀ ਘਟਨਾ

Sunday, Mar 24, 2019 - 12:30 PM (IST)

ਗੁਰੂਗ੍ਰਾਮ : ਪੀੜਤ ਪਰਿਵਾਰ ਬੋਲਿਆ-ਗੁਆਂਢੀ ਸਾਥ ਦਿੰਦੇ ਤਾਂ ਨਾ ਵਾਪਰਦੀ ਘਟਨਾ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ਵਿਚ ਹੋਲੀ ਦੀ ਸ਼ਾਮ ਭੀੜ ਵਲੋਂ ਇਕ ਮੁਸਲਿਮ ਪਰਿਵਾਰ 'ਤੇ 20-25 ਵਿਅਕਤੀਆਂ ਨੇ ਘਰ 'ਚ ਦਾਖਲ ਹੋ ਕੇ ਕੁੱਟਮਾਰ ਕੀਤੀ ਸੀ। ਕ੍ਰਿਕਟ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਇੰਨੀ ਵਧ ਗਈ ਕਿ ਪਰਿਵਾਰ ਨੂੰ ਪਾਕਿਸਤਾਨ ਚਲੇ ਜਾਓ ਅਤੇ ਉੱਥੇ ਜਾ ਕੇ ਖੇਡੋ ਦੀਆਂ ਧਮਕੀਆਂ ਦੇਣ ਲੱਗੇ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਹੁਣ ਤਕ 6 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਓਧਰ ਡੀ. ਸੀ. ਪੀ. ਹਿਮਾਂਸ਼ੂ ਗਰਗ ਨੇ ਕਿਹਾ ਕਿ ਕਿਸੇ ਵੀ ਅਣਹੋਣੀ ਘਟਨਾ ਦੇ ਖਦਸ਼ਾ ਨੂੰ ਦੇਖਦੇ ਹੋਏ ਇਲਾਕੇ ਵਿਚ ਪੁਲਸ ਦੀ ਗਸ਼ਤ ਅਤੇ ਤਾਇਨਾਤੀ ਵਧਾ ਦਿੱਤੀ ਗਈ ਹੈ। 

ਭੀੜ ਦੇ ਹਮਲੇ ਦੇ ਸ਼ਿਕਾਰ ਹੋਏ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਗੁਆਂਢੀ ਸਾਥ ਦਿੰਦੇ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਗੁਆਂਢੀਆਂ ਨਾਲ ਸਲਾਮ-ਦੁਆ ਹੁੰਦੀ ਸੀ ਪਰ ਜਦੋਂ ਭੀੜ ਸਾਨੂੰ ਕੁੱਟਣ ਆਈ ਤਾਂ ਕੋਈ ਗੁਆਂਢੀ ਨਹੀਂ ਆਇਆ। ਪੀੜਤ ਪੱਖ ਦੇ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਓਧਰ ਦੋਸ਼ੀ ਪੱਖ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਡੰਡਿਆਂ ਨਾਲ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ। 

ਪਰਿਵਾਰ ਦੇ ਮੁਖੀ ਮੁਹੰਮਦ ਸੈਜਾਦ ਨੇ ਕਿਹਾ ਕਿ ਉਹ ਪਿਛਲੇ 3 ਸਾਲ ਤੋਂ ਆਪਣੀ ਪਤਨੀ ਅਤੇ 6 ਬੱਚਿਆਂ ਨਾਲ ਇੱਥੇ ਰਹਿ ਰਹੇ ਹਨ। ਸੈਜਾਦ ਦੇ ਭਤੀਜੇ ਨੇ ਸ਼ਿਕਾਇਤ ਵਿਚ ਕਿਹਾ ਕਿ ਜਦੋਂ ਉਹ ਆਪਣੇ ਘਰ ਦੇ ਬਾਹਰ ਕ੍ਰਿਕਟ ਖੇਡ ਰਹੇ ਸਨ ਤਾਂ ਉਸ ਸਮੇਂ ਕੁਝ ਲੋਕਾਂ ਨਾਲ ਉਨ੍ਹਾਂ ਦੀ ਲੜਾਈ ਹੋ ਗਈ। ਉਸ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਪਾਕਿਸਤਾਨ ਜਾਓ ਅਤੇ ਖੇਡੋ। ਉਹ ਮੇਰੇ ਨਾਲ ਲੜਨ ਲੱਗੇ ਅਤੇ ਥੋੜ੍ਹੀ ਜਿਹੀ ਬਹਿਸ ਮਗਰੋਂ ਅਸੀਂ ਘਰ ਆ ਗਏ। ਫਿਰ ਕੁਝ ਦੇਰ ਬਾਅਦ 20-25 ਨੌਜਵਾਨ ਉਨ੍ਹਾਂ ਦੇ ਘਰ ਪੁੱਜੇ ਅਤੇ ਸਾਨੂੰ ਸਾਰੇ ਪਰਿਵਾਰ ਨੂੰ ਡੰਡਿਆਂ, ਹਾਕੀਆਂ ਨਾਲ ਕੁੱਟਿਆ ਗਿਆ।


author

Tanu

Content Editor

Related News