ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

Wednesday, Apr 08, 2026 - 01:54 PM (IST)

ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇਣ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਤੇ 22 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੈਕਟਰ-39 ਥਾਣਾ ਪੁਲਸ ਨੇ ਕਰੀਬ ਦੋ ਸਾਲ ਪਹਿਲਾਂ 2024 ’ਚ ਨਾਬਾਲਗ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਕੀਤਾ ਸੀ। ਪੁਲਸ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਫਰਵਰੀ 2021 ’ਚ ਮੁਲਜ਼ਮ ਨਾਲ ਸੈਕਟਰ-56 ਵਿਖੇ ਸਕੂਲ ਦੇ ਬਾਹਰ ਮੁਲਾਕਾਤ ਹੋਈ ਸੀ। ਗੱਲਬਾਤ ਤੋਂ ਬਾਅਦ ਦੋਹਾਂ ’ਚ ਦੋਸਤੀ ਹੋ ਗਈ। ਮੁਲਜ਼ਮ ਨੇ ਪੀੜਤਾ ਦਾ ਮੋਬਾਇਲ ਆਪਣੇ ਕੋਲ ਰੱਖ ਲਿਆ ਤੇ ਵਾਪਸੀ ਦੇ ਬਹਾਨੇ ਘਰ ਬੁਲਾਇਆ।

ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਘਰ ਬੁਲਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਤੇ ਕਿਸੇ ਨੂੰ ਦੱਸਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮ ਸਕੂਲ ਦੀ ਕੰਧ ਟੱਪ ਕੇ ਵੀ ਉਸ ਨੂੰ ਡਰਾਉਂਦਾ-ਧਮਕਾਉਂਦਾ ਸੀ। ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਨੇ ਪੀੜਤਾ ਦੀ ਜਾਅਲੀ ਆਈ. ਡੀ. ਬਣਾ ਕੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਫੋਟੋ ਪੋਸਟ ਕਰਨ ਦੀ ਧਮਕੀ ਦਿੱਤੀ। ਉਸਨੇ ਪੀੜਤਾ ਨੂੰ ਧਮਕੀ ਦਿੱਤੀ ਕਿ ਉਸਨੇ ਉਸਦੀ ਗੱਲ ਨਹੀਂ ਮੰਨੀ ਤਾਂ ਉਹ ਸਮੂਹਿਕ ਜਬਰ-ਜ਼ਿਨਾਹ ਕਰਵਾਏਗਾ। ਲਗਾਤਾਰ ਮਾਨਸਿਕ ਦਬਾਅ ਕਾਰਨ ਪੀੜਤਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਮਾਂ ਨੇ ਸਮੇਂ ਸਿਰ ਉਸ ਨੂੰ ਬਚਾ ਲਿਆ। ਪੀੜਤਾ ਦੋ ਸਾਲਾਂ ਤੋਂ ਮਾਨਸਿਕ ਤਸੀਹੇ ਝੱਲ ਰਹੀ ਸੀ। ਪੁਲਸ ਨੇ ਜਾਂਚ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਨੌਜਵਾਨ ਨੂੰ ਮੁਲਜ਼ਮ ਕਰਾਰ ਦਿੰਦਿਆਂ 20 ਸਾਲ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ।


author

Babita

Content Editor

Related News