ਗੁਜਰਾਤ ''ਚ ਬਣਿਆ ਅਨੋਖਾ ਰਿਕਾਰਡ, ਜਨਮ ਦੇ 3 ਘੰਟਿਆਂ ਦੇ ਅੰਦਰ ਬੱਚੇ ਨੂੰ ਮਿਲ ਗਿਆ ''ਪਾਸਪੋਰਟ''
Saturday, Oct 13, 2018 - 04:03 PM (IST)

ਸੂਰਤ (ਏਜੰਸੀ)— ਆਮ ਤੌਰ 'ਤੇ ਬੱਚੇ ਦੇ ਜਨਮ 'ਤੇ ਵਧਾਈਆਂ ਜਾਂ ਸ਼ਗਨ ਮਿਲਦੇ ਹਨ ਪਰ ਗੁਜਰਾਤ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਸੂਰਤ ਜ਼ਿਲੇ ਦੇ ਪੁਣਾਪਾਟੀਆ ਇਲਾਕੇ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਪਾਸਪੋਰਟ ਮਿਲ ਗਿਆ। ਪੁਣਾਪਾਟੀਆ ਵਿਚ ਰਹਿਣ ਵਾਲੇ ਮਨੀਸ਼ ਕਾਪੜੀਆ ਅਤੇ ਉਨ੍ਹਾਂ ਦੀ ਪਤਨੀ ਨੀਤਾ ਕਾਪੜੀਆ ਦੇ ਘਰ ਬੁੱਧਵਾਰ ਨੂੰ ਨਵਰਾਤਿਆਂ ਦੇ ਪਹਿਲੇ ਦਿਨ ਦੁਪਹਿਰ 11 ਵਜ ਕੇ 42 ਮਿੰਟ 'ਤੇ ਬੇਟੇ ਦਾ ਜਨਮ ਹੋਇਆ ਸੀ। ਜਨਮ ਦੇ ਕੁਝ ਸਮੇਂ ਬਾਅਦ ਹੀ ਉਸ ਦੇ ਪਿਤਾ ਮਨੀਸ਼ ਨੇ ਆਪਣੇ ਬੇਟੇ ਰਿਗਵੇਦ ਦਾ ਪਾਸਪੋਰਟ ਲੈਣ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ। ਜਿਸ ਮਗਰੋਂ ਬੇਟੇ ਦੇ ਜਨਮ ਦੇ ਸਿਰਫ 3 ਘੰਟਿਆਂ ਵਿਚ ਹੀ ਪਾਸਪੋਰਟ ਪ੍ਰਾਪਤ ਕਰ ਕੇ ਉਨ੍ਹਾਂ ਨੇ ਸਭ ਤੋਂ ਘੱਟ ਸਮੇਂ 'ਚ ਪਾਸਪੋਰਟ ਜਾਰੀ ਹੋਣ ਦਾ ਰਿਕਾਰਡ ਬਣਾਇਆ ਹੈ।
ਜਾਣਕਾਰੀ ਮੁਤਾਬਕ ਸੂਰਤ ਦੇ ਊਨਾਪਾਣੀ ਰੋਡ 'ਤੇ ਸਥਿਤ ਹਸਪਤਾਲ ਵਿਚ ਬੱਚੇ ਰਿਗਵੇਦ ਦੇ ਜਨਮ ਤੋਂ ਬਾਅਦ 12 ਵਜ ਕੇ 15 ਮਿੰਟ 'ਤੇ ਸੂਰਤ ਮਹਾਨਗਰ ਪਾਲਿਕਾ ਤੋਂ ਉਸ ਦਾ ਜਨਮ ਸਰਟੀਫਿਕੇਟ ਕੱਢਵਾਇਆ ਗਿਆ ਸੀ। ਦੁਪਹਿਰ 12 ਵਜ ਕੇ 20 ਮਿੰਟ 'ਤੇ ਪਿਤਾ ਮਨੀਸ਼ ਨੇ ਪਾਸਪੋਰਟ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ, ਜਿਸ ਤੋਂ ਬਾਅਦ 2.30 ਵਜੇ ਸੂਰਤ ਪਾਸਪੋਰਟ ਦਫਤਰ ਅੰਜਨੀ ਕੁਮਾਰ ਪਾਂਡੇ ਨੇ ਰਿਗਵੇਦ ਦੇ ਪਿਤਾ ਮਨੀਸ਼ ਕਾਪੜੀਆ ਨੂੰ ਉਸ ਦਾ ਪਾਸਪੋਰਟ ਦੇ ਦਿੱਤਾ ਗਿਆ। ਮਹਿਜ ਤਿੰਨ ਘੰਟਿਆਂ ਵਿਚ ਹੀ ਪਾਸਪੋਰਟ ਮਿਲਣ ਦੇ ਬਾਅਦ ਉਹ ਲੋਕ ਲਿਮਕਾ ਬੁਕ ਆਫ ਵਰਲਡ ਰਿਕਾਰਡ ਅਤੇ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਲਈ ਕੋਸ਼ਿਸ਼ ਕਰਨਗੇ।
ਇੱਥੇ ਦੱਸ ਦੇਈਏ ਕਿ ਮਨੀਸ਼ ਅਤੇ ਉਸ ਦੇ ਪਰਿਵਾਰ ਨੂੰ ਇਕ ਦਿਨ ਪਹਿਲਾਂ ਹੀ ਨਵਜੰਮੇ ਬੱਚੇ ਦੇ ਪਾਸਪੋਰਟ ਲੈ ਕੇ ਵਿਚਾਰ ਆਇਆ ਸੀ। ਉਨ੍ਹਾਂ ਨੇ ਬੇਟੀ ਹੋਣ ਤੇ ਉਸ ਦਾ ਨਾਂ ਰਿਵਾ ਅਤੇ ਬੇਟਾ ਹੋਣ 'ਤੇ ਰਿਗਵੇਦ ਨਾਂ ਰੱਖਣ ਦਾ ਫੈਸਲਾ ਕੀਤਾ ਸੀ। ਉਸ ਦੇ ਆਧਾਰ 'ਤੇ ਤਿੰਨ ਘੰਟਿਆਂ ਵਿਚ ਪਾਸਪੋਰਟ ਤਿਆਰ ਕਰ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਪਾਸਪੋਰਟ ਲਈ ਸਬੂਤ ਜ਼ਰੂਰੀ ਹੁੰਦਾ ਹੈ। ਰਿਗਵੇਦ ਦੇ ਜਨਮ ਸਰਟੀਫਿਕੇਟ ਸਮੇਤ ਸਾਰੇ ਸਬੂਤ ਪੇਸ਼ ਕੀਤੇ ਗਏ ਸਨ। ਇਕ ਸਾਲ ਤੋਂ ਛੋਟੀ ਉਮਰ ਦਾ ਬੱਚਾ ਹੋਵੇ ਤਾਂ ਮਾਤਾ-ਪਿਤਾ ਦੋਹਾਂ ਵਿਚੋਂ ਕਿਸੇ ਇਕ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ।