ਖ਼ਤਰੇ ਦੀ ਦਹਿਲੀਜ਼ 'ਤੇ ਗੁਜਰਾਤ! 100 ਸਾਲ ’ਚ ਦੇਖ ਚੁੱਕੈ 120 ਤੋਂ ਵੱਧ ਚੱਕਰਵਾਤ
Friday, Jun 16, 2023 - 12:01 PM (IST)
 
            
            ਨੈਸ਼ਨਲ ਡੈਸਕ– ਪ੍ਰਚੰਡ ਚੱਕਰਵਾਤੀ ਤੂਫਾਨ ਬਿਪਰਜੋਏ ਗੁਜਰਾਤ ਸਮੇਤ ਦੇਸ਼ ਵਿਚ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੁਜਰਾਤ ਸਟੇਟ ਐਕਸ਼ਨ ਪਲਾਨ ਆਨ ਕਲਾਈਮੇਟ ਚੇਂਜ ’ਤੇ ਤਿਆਰ ਰਿਪੋਰਟ ਦੀ ਮੰਨੀਏ ਤਾਂ ਪਿਛਲੇ 100 ਸਾਲਾਂ ਵਿਚ 120 ਤੋਂ ਵੱਧ ਚੱਕਰਵਾਤ ਗੁਜਰਾਤ ਦੀ ਧਰਤੀ ਨੂੰ ਛੂਹ ਚੁੱਕੇ ਹਨ।
ਗੁਜਰਾਤ ਨੇ ਵਧੇਰੇ ਚੱਕਰਵਾਤ ਜੂਨ ਵਿਚ ਦੇਖੇ ਹਨ। 1965 ਤੋਂ 2022 ਦਰਮਿਆਨ ਜੂਨ ਦੇ ਮਹੀਨੇ ਵਿਚ ਅਰਬ ਸਾਗਰ ਦੇ ਉਪਰ ਲਗਭਗ 13 ਚੱਕਰਵਾਤ ਆਏ। ਆਈ. ਐੱਮ. ਡੀ. ਮੁਤਾਬਕ ਇਨ੍ਹਾਂ ਵਿਚੋਂ 2 ਨੇ ਗੁਜਰਾਤ ਦੇ ਤੱਟ ਨੂੰ ਪਾਰ ਕੀਤਾ ਸੀ ਜਦਕਿ ਇਕ ਨੇ ਮਹਾਰਾਸ਼ਟਰ, ਇਕ ਨੇ ਪਾਕਿਸਤਾਨ ਤੱਟ ਅਤੇ 2 ਓਮਾਨ-ਯਮਨ ਦੇ ਤੱਟਾਂ ਤੋਂ ਹੋ ਕੇ ਲੰਘੇ ਸਨ ਜਦਕਿ 6 ਚੱਕਰਵਾਤ ਸਮੁੰਦਰ ਦੇ ਉਪਰ ਹੀ ਕਮਜ਼ੋਰ ਹੋ ਕੇ ਖਤਮ ਹੋ ਗਏ ਸਨ। ਗੁਜਰਾਤ ਦੇ ਤੱਟ ਨੂੰ ਪਾਰ ਕਰਨ ਵਾਲੇ 2 ਚੱਕਰਵਾਤਾਂ ਵਿਚੋਂ ਇਕ ਨੇ 1996 ਵਿਚ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈ ਲਿਆ ਸੀ ਜਦਕਿ ਦੂਜਾ 1998 ਵਿਚ ਇਕ ਅਤਿਅੰਤ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿਚ ਟਕਰਾਇਆ ਸੀ।
ਇਹ ਵੀ ਪੜ੍ਹੋ- ਗੁਜਰਾਤ ਪਹੁੰਚਿਆ ਚੱਕਰਵਾਤ 'ਬਿਪਰਜੋਏ', ਝੱਖੜ-ਤੂਫ਼ਾਨ ਨਾਲ ਤੇਜ਼ ਬਾਰਿਸ਼; ਅੱਧੀ ਰਾਤ ਤੱਕ ਮਚਾਏਗਾ ਤਬਾਹੀ!
ਸੌਰਾਸ਼ਟਰ ਵਿਚ 2014 ਵਿਚ ਤੂਫਾਨ ਨੀਲੋਫਰ, 2019 ਵਿਚ ਤੂਫਾਨ ਵਾਯੂ ਅਤੇ ਮਹਾ ਅਤੇ ਇਨ੍ਹਾਂ ਤੋਂ ਬਾਅਦ 2020 ਵਿਚ ਆਏ ਨਿਸਰਗ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਰੀਡਿੰਗ ਯੂਨੀਵਰਸਿਟੀ ਨਾਲ ਜੁੜੇ ਜਲਵਾਯੂ ਵਿਗਿਆਨੀ ਅਕਸ਼ੈ ਦੇਵਰਸ ਦਾ ਕਹਿਣਾ ਹੈ ਕਿ ਚੱਕਰਵਾਤ ਬਿਪਰਜੋਏ ਕਾਰਨ 16 ਅਤੇ 17 ਜੂਨ ਨੂੰ ਉੱਤਰੀ ਗੁਜਰਾਤ ਅਤੇ ਦੱਖਣੀ ਰਾਜਸਥਾਨ ਵਿਚ ਭਾਰੀ ਮੀਂਹ ਪਵੇਗਾ। ਉਨ੍ਹਾਂ ਮੁਤਾਬਕ ਉਥੇ ਕੁਝ ਖੇਤਰਾਂ ਵਿਚ ਸਿਰਫ 2 ਦਿਨਾਂ ਵਿਚ ਹੀ ਇੰਨਾ ਮੀਂਹ ਪਵੇਗਾ, ਜਿੰਨਾ ਪੂਰੇ ਜੂਨ ਵਿਚ ਨਹੀਂ ਪਿਆ ਹੈ।
ਇਸ ਬਾਰੇ ਜੇਜੂ ਨੈਸ਼ਨਲ ਯੂਨੀਵਰਸਿਟੀ ਵਿਚ ਪੋਸਟ-ਡਾਕਟਰੇਟ ਖੋਜੀ ਵਿਨੀਤ ਕੁਮਾਰ ਨੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਚੱਕਰਵਾਤ ਬਿਪਰਜੋਏ 192 ਘੰਟਿਆਂ ਤੱਕ ਸਰਗਰਮ ਰਹਿਣ ਕਾਰਨ ਹੁਣ ਅਰਬ ਸਾਗਰ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲਾ ਚੱਕਰਵਾਤ ਬਣ ਗਿਆ ਹੈ, ਜੋ ਜੂਨ 1998 ਵਿਚ ਆਏ ਚੱਕਰਵਾਤ ਦੇ ਰਿਕਾਰਡ ਨੂੰ ਤੋੜ ਚੁੱਕਾ ਹੈ।
ਇਹ ਵੀ ਪੜ੍ਹੋ- ਚੱਕਰਵਾਤ 'ਬਿਪਰਜੋਏ' ਦੀ ਰਿਪੋਰਟਿੰਗ ਨੂੰ ਲੈ ਕੇ ਮੀਡੀਆ ਕਰਮਚਾਰੀਆਂ ਲਈ ਐਡਵਾਈਜ਼ਰੀ ਜਾਰੀ
ਘਾਤਕ ਚੱਕਰਵਾਤ ਜੋ ਭਾਰਤ ’ਚ ਆਏ
ਚੱਕਰਵਾਤ ਤਾਉਤੇ : ਬੇਹੱਦ ਗੰਭੀਰ ਚੱਕਰਵਾਤ ‘ਤਾਉਤੇ’ 17 ਮਈ, 2021 ਨੂੰ ਦੱਖਣੀ ਗੁਜਰਾਤ ਦੇ ਤੱਟ ਨਾਲ ਟਕਰਾਇਆ ਸੀ ਅਤੇ ਉਸ ਸਮੇਂ ਭਾਰਤ ਕੋਵਿਡ-19 ਦੀ ਦੂਜੀ ਲਹਿਰ ਦੀ ਪ੍ਰਚੰਡਤਾ ਨਾਲ ਜੂਝ ਰਿਹਾ ਸੀ। ਚੱਕਰਵਾਤ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਗਈ, ਜਿਨ੍ਹਾਂ ਿਵਚੋਂ ਵਧੇਰੇ ਲੋਕਾਂ ਦੀ ਮੌਤ ਗੁਜਰਾਤ ਵਿਚ ਹੋਈ।
ਚੱਕਰਵਾਤ ਅੰਫਾਨ : 20 ਮਈ, 2020 ਨੂੰ ਪੱਛਮੀ ਬੰਗਾਲ ਵਿਚ ਸੁੰਦਰਬਨ ਨੇੜੇ ਟਕਰਾਇਆ ਸੀ। ਭਾਰਤ ਅਤੇ ਬੰਗਾਲਦੇਸ਼ 14 ਅਰਬ ਡਾਲਰ ਦਾ ਨੁਕਸਾਨ ਹੋਇਆ ਅਤੇ 129 ਲੋਕਾਂ ਦੀ ਜਾਨ ਗਈ ਸੀ।
ਚੱਕਰਵਾਤ ਫੇਨੀ : ਇਹ 3 ਮਈ 2019 ਨੂੰ ਓਡਿਸ਼ਾ ਵਿਚ ਪੁਰੀ ਨੇੜੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭਾਰਤ ਦੇ ਪੂਰਬੀ ਤੱਟ ਨਾਲ ਟਕਰਾਇਆ ਸੀ। ਬੇਹੱਦ ਗੰਭੀਰ ਚੱਕਰਵਾਤ ਨਾਲ 64 ਲੋਕਾਂ ਦੀ ਮੌਤ ਹੋਈ ਸੀ।
ਚੱਕਰਵਾਤ ਵਰਦਾ : ਵਰਦਾ 12 ਦਸੰਬਰ, 2016 ਨੂੰ ਚੇਨਈ ਦੇ ਨੇੜੇ ਤੱਟ ਨਾਲ ਟਕਰਾਇਆ ਸੀ। ਇਹ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਸੀ। ਇਸ ਕਾਰਨ ਤਾਮਿਲਨਾਡੂ ਵਿਚ 18 ਲੋਕਾਂ ਦੀ ਜਾਨ ਗਈ ਸੀ।
ਚੱਕਰਵਾਤ ਹੁਦਹੁਦ : ਇਹ ਆਂਧਰਾ ਪ੍ਰਦੇਸ਼ ਅਤੇ ਓਡਿਸ਼ਾ ਤੇ ਤੱਟੀ ਖੇਤਰਾਂ ਤੋਂ 12 ਅਕਤੂਬਰ, 2014 ਨੂੰ ਟਕਰਾਇਆ ਸੀ। ਚੱਕਰਵਾਤ ਨਾਲ 124 ਲੋਕਾਂ ਦੀ ਮੌਤ ਹੋਈ ਸੀ।
ਚੱਕਰਵਾਤ ਫੈਲਿਨ : 12 ਅਕਤੂਬਰ, 2013 ਨੂੰ ਫੈਲਿਨ ਓਡਿਸ਼ਾ ਦੇ ਗੰਜਮ ਜ਼ਿਲੇ ਦੇ ਗੋਪਾਲਪੁਰ ਨੇੜੇ ਤੱਟ ਤੋਂ ਲੱਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾਇਆ। 44 ਲੋਕਾਂ ਦੀ ਮੌਤ ਹੋਈ ਅਤੇ ਵੱਡੇ ਪੈਮਾਨੇ ’ਤੇ ਨੁਕਸਾਨ ਹੋਇਆ।
ਇਹ ਵੀ ਪੜ੍ਹੋ- YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ
ਸਮੁੰਦਰ ਤੋਂ ਜਨਮ, ਆਕਾਸ਼ ਤੈਅ ਕਰਦਾ ਹੈ ਦਿਸ਼ਾ
ਤੂਫਾਨ ਸਮੁੰਦਰ ਵਿਚ ਬਣਦੇ ਹਨ ਪਰ ਇਸ ਦੀ ਦਿਸ਼ਾ ਇਸ ਦੇ ਉਪਰ ਦੇ ਵਾਤਾਵਰਣ ਦੀ ਹਵਾ ਤੈਅ ਕਰਦੀ ਹੈ। ਤੂਫਾਨ ਦਾ ਰਸਤਾ ਉਸ ਦੇ ਉਤਪਤੀ ਸਥਾਨ ਦੇ ਉਪਰ ਚੱਲ ਰਹੀ ਹਵਾ ਦੀ ਦਿਸ਼ਾ ਤੋਂ ਤੈਅ ਹੁੰਦਾ ਹੈ। ਅਰਬ ਸਾਗਰ ਵਿਚ ਬਣਨ ਵਾਲੇ ਚੱਕਰਵਾਤਾਂ ਦੀ ਦਿਸ਼ਾ ਗੁਜਰਾਤ ਵੱਲ ਹੀ ਹੁੰਦੀ ਹੈ।
ਜਦੋਂ ਸਤ੍ਹਾ ਠੰਡੀ ਸੀ, ਉਦੋਂ ਤੂਫਾਨ ਘੱਟ ਸਨ
ਪਹਿਲਾਂ ਅਰਬ ਸਾਗਰ ਦੀ ਸਤ੍ਹਾ ਠੰਡੀ ਸੀ, ਜਿਸ ਕਾਰਨ ਡੂੰਘੇ ਖੱਡੇ ਬਣਦੇ ਸਨ ਪਰ ਸਤ੍ਹਾ ਠੰਡੀ ਹੋਣ ਨਾਲ ਉਹ ਤੂਫਾਨ ਦਾ ਰੂਪ ਨਹੀਂ ਲੈ ਪਾਉਂਦੇ ਸਨ। ਹੁਣ ਸਮੁੰਦਰ ਸਤ੍ਹਾ ਦਾ ਵਧਦਾ ਤਾਪਮਾਨ ਨਾ ਸਿਰਫ ਤੂਫਾਨ ਬਣਾਉਂਦਾ ਹੈ ਸਗੋਂ ਉਨ੍ਹਾਂ ਦੀ ਤੀਬਰਤਾ ਵੀ ਵਧਾ ਦਿੰਦਾ ਹੈ।
ਮਾਨਸੂਨ ਦੇ ਅੱਗੇ-ਪਿੱਛੇ ਚੱਕਰਵਾਤ
ਗੁਜਰਾਤ ਵਿਚ ਆਮ ਤੌਰ ’ਤੇ ਮਾਨਸੂਨ ਦੇ ਸ਼ੁਰੂ ਵਿਚ ਮਈ-ਜੂਨ ਦੇ ਮਹੀਨਿਆਂ ਦੌਰਾਨ ਜਾਂ ਅਕਤੂਬਰ-ਨਵੰਬਰ ਵਿਚ ਮਾਨਸੂਨ ਦੇ ਅੰਤ ਵਿਚ ਚੱਕਰਵਾਤ ਆਉਂਦੇ ਹਨ।
ਇਹ ਵੀ ਪੜ੍ਹੋ- ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ
ਅਸਰ ਦੂਰ ਤੱਕ
ਅਰਬ ਸਾਗਰ ਦੇ ਚੱਕਰਵਾਤਾਂ ਦਾ ਅਸਰ ਭਾਰਤ ਵਿਚ ਹੀ ਨਹੀਂ ਸਗੋਂ ਪਾਕਿਸਤਾਨ, ਯਮਨ ਅਤੇ ਓਮਾਨ ਵਰਗੇ ਦੇਸ਼ਾਂ ਵਿਚ ਵੀ ਪਹਿਲਾਂ ਤੋਂ ਵੱਧ ਸ਼ਕਤੀਸ਼ਾਲੀ ਸਮੁੰਦਰੀ ਤੂਫਾਨ ਦੇਖਣ ਨੂੰ ਮਿਲ ਰਹੇ ਹਨ।
ਚੱਕਰਵਾਤ ਦੀ ਅੱਖ
ਗੰਭੀਰ ਤੂਫਾਨ ਦਾ ਰੂਪ ਲੈ ਚੁੱਕੇ ਚੱਕਰਵਾਤ ਦਾ ਘੇਰਾ 150 ਕਿਲੋਮੀਟਰ ਤੋਂ ਇਕ ਹਜ਼ਾਰ ਕਿਲੋਮੀਟਰ ਤੱਕ ਹੋ ਸਕਦਾ ਹੈ। ਚੱਕਰਵਾਤ ਦੇ ਮੱਧ ਭਾਗ ਨੂੰ ‘ਅੱਖ’ ਕਿਹਾ ਜਾਂਦਾ ਹੈ। ਇਹ ਖੇਤਰ ਸ਼ਾਂਤ ਹੁੰਦਾ ਹੈ। ਚੱਕਰਵਾਤ ਦੀ ਅੱਖ ਦਾ ਘੇਰਾ 30 ਤੋਂ 50 ਕਿਲੋਮੀਟਰ ਤੱਕ ਹੋ ਸਕਦਾ ਹੈ। ਅੱਖ ਦੇ ਨੇੜੇ-ਤੇੜੇ ਵੀ 50 ਕਿਲੋਮੀਟਰ ਤੱਕ ਭਾਰੀ ਮੀਂਹ ਪੈਂਦਾ ਹੈ।
ਅਚਾਨਕ ਬਣਿਆ ਸੁਪਰ ਸਾਈਕਲੋਨ
ਜਦੋਂ ਕੋਈ ਤੂਫਾਨ ਸਿਰਫ 24 ਘੰਟੇ ਵਿਚ 55 ਕਿਲੋਮੀਟਰ ਘੇਰੇ ਵਿਚ ਫੈਲ ਜਾਂਦਾ ਹੈ, ਉਸ ਨੂੰ ਸੁਪਰ ਸਾਈਕਲੋਨ ਮੰਨਿਆ ਜਾਂਦਾ ਹੈ। ਬਿਪਰਜੋਏ ਅਤੇ ਤੋਕਤੇ ਨੇ ਅਚਾਨਕ ਸੁਪਰ ਸਾਈਕਲੋਨ ਦਾ ਰੂਪ ਲੈ ਲਿਆ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            