ਗੁਜਰਾਤ 'ਚ 17 'ਚੋਂ 4 ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ, CM ਸਮੇਤ 16 ਮੰਤਰੀ 'ਕਰੋੜਪਤੀ'

Tuesday, Dec 13, 2022 - 05:13 PM (IST)

ਗੁਜਰਾਤ 'ਚ 17 'ਚੋਂ 4 ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ, CM ਸਮੇਤ 16 ਮੰਤਰੀ 'ਕਰੋੜਪਤੀ'

ਅਹਿਮਦਾਬਾਦ (ਭਾਸ਼ਾ)- ਗੁਜਰਾਤ 'ਚ ਨਵੀਂ ਬਣੀ ਭਾਜਪਾ ਸਰਕਾਰ ਦੇ 17 'ਚੋਂ ਚਾਰ ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨ। 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' (ਏ.ਡੀ.ਆਰ.) ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਏ.ਡੀ.ਆਰ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭੁਪਿੰਦਰ ਪਟੇਲ ਸਮੇਤ ਘੱਟੋ-ਘੱਟ 16 ਮੰਤਰੀ ਕਰੋੜਪਤੀ ਹਨ ਜਾਂ ਉਨ੍ਹਾਂ ਕੋਲ ਇਕ ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਜਾਇਦਾਦ ਹੈ। ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੰਪਰ ਜਿੱਤ ਤੋਂ ਬਾਅਦ ਸੋਮਵਾਰ ਨੂੰ ਨਵੇਂ ਮੰਤਰੀਪ੍ਰੀਸ਼ਦ ਨੇ ਸਹੁੰ ਚੁੱਕੀ। ਏ.ਡੀ.ਆਰ. ਦੀ ਰਿਪੋਰਟ ਅਨੁਸਾਰ, ਮੱਛੀ ਪਾਲਣ ਅਤੇ ਪਸ਼ੂ ਪਾਲਣ ਰਾਜ ਮੰਤਰੀ ਪੁਰੂਸ਼ੋਤਮ ਸੋਲੰਕੀ 'ਤੇ ਆਈ.ਪੀ.ਸੀ. ਦੀ ਧਾਰਾ 420 ਦੇ ਅਧੀਨ ਧੋਖਾਧੜੀ ਦੇ 2 ਦੋਸ਼ ਹਨ, ਧਾਰਾ 467 ਦੇ ਅਧੀਨ ਮਹੱਤਵਪੂਰਨ ਸੁਰੱਖਿਆ ਦੀ ਜਾਲਸਾਜ਼ੀ' ਦਾ ਇਕ ਦੋਸ਼ ਹੈ, ਜਦੋਂ ਕਿ ਧਾਰਾ 465 ਦੇ ਅਧੀਨ ਵੀ ਜਾਲਸਾਜ਼ੀ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਦੋਸ਼ 'ਚ ਕੱਟ ਰਿਹਾ ਸੀ ਸਜ਼ਾ, ਜ਼ਮਾਨਤ 'ਤੇ ਆਏ ਨੇ ਕਿਸੇ ਹੋਰ ਨਾਲ ਘੁੰਮਦੀ ਵੇਖੀ ਤਾਂ...

ਰਿਪੋਰਟ ਅਨੁਸਾਰ, ਤਿੰਨ ਹੋਰ ਮੰਤਰੀਆਂ- ਹਰਸ਼ ਸਾਂਘਵੀ, ਰਿਸ਼ੀਕੇਸ਼ ਪਟੇਲ ਅਤੇ ਰਾਘਵਜੀ ਪਟੇਲ- 'ਤੇ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਲੋਕ ਸੇਵਕ ਦੇ ਆਦੇਸ਼ ਦੀ ਉਲੰਘਣਾ ਕਰਨ ਅਤੇ ਧਾਰਾ 500 ਦੇ ਅਧੀਨ ਮਾਣਹਾਨੀ ਵਰਗੇ ਮਾਮੂਲੀ ਦੋਸ਼ ਹਨ। ਏ.ਡੀ.ਆਰ. ਨੇ ਕਿਹਾ ਕਿ ਇਹ ਰਿਪੋਰਟ ਵਿਧਾਇਕਾਂ ਦੇ ਸਹੁੰ ਪੱਤਰਾਂ 'ਤੇ ਆਧਾਰਤ ਹੈ। ਰਿਪੋਰਟ ਅਨੁਸਾਰ ਸਭ ਤੋਂ ਵੱਧ ਐਲਾਨ ਜਾਇਦਾਦ ਵਾਲੇ ਮੰਤਰੀ ਬਲਵੰਤ ਸਿੰਘ ਰਾਜਪੂਤ ਹਨ। ਉਹ 372.65 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉੱਥੇ ਹੀ ਬੱਚੂਭਾਈ ਖਬਾਦ ਕੋਲ ਸਭ ਤੋਂ ਘੱਟ 92.85 ਲੱਖ ਰੁਪਏ ਦੀ ਜਾਇਦਾਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News