ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ''ਆਪ'' ਦੀ ਪੇਸ਼ਕਸ਼ ਤੋਂ ਗੁਜਰਾਤ ਭਾਜਪਾ ਪ੍ਰਧਾਨ ਪਰੇਸ਼ਾਨ : ਕੇਜਰੀਵਾਲ

Friday, May 27, 2022 - 06:40 PM (IST)

ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ''ਆਪ'' ਦੀ ਪੇਸ਼ਕਸ਼ ਤੋਂ ਗੁਜਰਾਤ ਭਾਜਪਾ ਪ੍ਰਧਾਨ ਪਰੇਸ਼ਾਨ : ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਜਪਾ ਨੂੰ ਸਵਾਲ ਕੀਤਾ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਗੁਜਰਾਤ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਪ੍ਰਸਤਾਵ ਤੋਂ ‘ਪਰੇਸ਼ਾਨ’ ਕਿਉਂ ਹੋ ਰਹੀ ਹੈ। ਇਸ ਦੇ ਨਾਲ ਹੀ ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਉਸ ਰਾਜ ਵਿਚ ਮੰਤਰੀਆਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ.ਆਰ. ਪਾਟਿਲ 'ਤੇ ਚੁਟਕੀ ਲੈਂਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਲਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੋਵੇਗਾ। ਇਸ ਤੋਂ ਪਹਿਲਾਂ, ਪਾਟਿਲ ਨੇ ਰਾਜ ਵਿਚ ਮੁਫ਼ਤ ਸਹੂਲਤਾਂ ਦੀ ਪੇਸ਼ਕਸ਼ ਕਰਨ ਵਾਲੇ 'ਕੁਝ ਸਿਆਸਤਦਾਨਾਂ' 'ਤੇ ਚੁਟਕੀ ਲਈ।

PunjabKesari

ਇਕ ਦਿਨ ਪਹਿਲਾਂ, ਗੁਜਰਾਤ ਭਾਜਪਾ ਦੇ ਮੁਖੀ ਨੇ 'ਆਪ' ਜਾਂ ਕੇਜਰੀਵਾਲ ਦਾ ਨਾਮ ਲਏ ਬਿਨਾਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੀ ਪੇਸ਼ਕਸ਼ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਸੀ ਕਿ ਉਹ ਅਰਥਵਿਵਸਥਾ ਲਈ ਠੀਕ ਨਹੀਂ ਹੈ ਅਤੇ ਅਜਿਹੀਆਂ ਸਹੂਲਤਾਂ ਰਾਜ ਨੂੰ ਬਰਬਾਦ ਕਰ ਸਕਦੀਆਂ ਹਨ। ਮੀਡੀਆ ਰਿਪੋਰਟਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,''ਪਾਟਿਲ ਸਾਹਿਬ, ਤੁਹਾਡੇ ਮੰਤਰੀਆਂ ਨੂੰ ਮੁਫ਼ਤ ਬਿਜਲੀ ਮਿਲਦੀ ਹੈ, ਉਹ ਠੀਕ ਹੈ? ਜੇ ਮੈਂ ਜਨਤਾ ਨੂੰ ਮੁਫ਼ਤ ਬਿਜਲੀ ਦਿੰਦਾ ਹਾਂ ਤਾਂ ਤੁਹਾਨੂੰ ਕਿੰਨੀ ਤਕਲੀਫ਼ ਹੈ। ਗੁਜਰਾਤ ਸਰਕਾਰ ਵਿਚ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ। ਦਿੱਲੀ ਅਤੇ ਪੰਜਾਬ ਵਾਂਗ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੋ, ਜਨਤਾ ਨੂੰ ਮੁਫ਼ਤ ਬਿਜਲੀ ਦੇਣ ਨਾਲ ਬਹੁਤ ਸਾਰਾ ਪੈਸਾ ਬਚ ਜਾਵੇਗਾ।” ਕੇਜਰੀਵਾਲ ਨੇ ਹਾਲ ਹੀ ਵਿਚ ਰਾਜਕੋਟ ਸ਼ਹਿਰ ਵਿਚ ਆਪਣੀ ਪਾਰਟੀ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਬਿਹਤਰ ਸਕੂਲਾਂ ਅਤੇ ਹਸਪਤਾਲਾਂ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ 'ਆਪ' ਗੁਜਰਾਤ 'ਚ ਸੱਤਾ 'ਚ ਆਉਂਦੀ ਹੈ ਤਾਂ ਅਯੁੱਧਿਆ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੀ ਏਅਰ ਕੰਡੀਸ਼ਨਡ ਰੇਲ ਗੱਡੀਆਂ ਰਾਹੀਂ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਕਰਵਾਈ ਜਾਵੇਗੀ। ਗੁਜਰਾਤ ਵਿਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News