ਗੁਜਰਾਤ : ਹਸਪਤਾਲ 'ਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ, ਸਾਹਮਣੇ ਆਈਆਂ ਦਿਲ ਦਹਿਲਾਅ ਦੇਣ ਵਾਲੀਆਂ ਤਸਵੀਰਾਂ
Saturday, May 01, 2021 - 11:26 AM (IST)
ਭਰੂਚ- ਗੁਜਰਾਤ ਦੇ ਭਰੂਚ ਸਥਿਤ ਇਕ ਹਸਪਤਾਲ 'ਚ ਲੱਗੀ ਅੱਗ 'ਚ ਜਾਨ ਗੁਆਉਣ ਵਾਲੇ ਕੋਰੋਨਾ ਮਰੀਜ਼ਾਂ ਦੇ ਰਿਸ਼ਤੇਦਾਰ ਸ਼ਨੀਵਾਰ ਨੂੰ ਇਮਾਰਤ ਦੇ ਬਾਹਰ ਰੋਂਦੇ-ਬਿਲਖਦੇ ਨਜ਼ਰ ਆਏ, ਜੋ ਹਾਦਸੇ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਵੈਲਫੇਅਰ ਹਸਪਤਾਲ ਦੇ ਬਾਹਰ ਭੱਜ-ਦੌੜ ਦਿੱਸੀ, ਜਿੱਥੇ ਅਧਿਕਾਰੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਹਸਪਤਾਲ ਦੇ ਅੰਦਰ, ਦ੍ਰਿਸ਼ ਹੋਰ ਵੱਧ ਭਿਆਨਕ ਸਨ, ਜਿੱਥੇ ਹਾਦਸੇ ਦੀਆਂ ਦਿਲ ਦਹਿਲਾਅ ਦੇਣ ਵਾਲੀਆਂ ਤਸਵੀਰਾਂ 'ਚ ਕੁਝ ਮਰੀਜ਼ਾਂ ਦੀਆਂ ਲਾਸ਼ਾਂ ਸਟਰੈਚਰ ਅਤੇ ਬਿਸਤਰਿਆਂ 'ਤੇ ਸੜੀਆਂ ਹੋਈਆਂ ਨਜ਼ਰ ਆਈਆਂ।
ਸੂਬੇ ਦੀ ਰਾਜਧਾਨੀ ਅਹਿਮਦਾਬਾਦ ਤੋਂ ਕਰੀਬ 190 ਕਿਲੋਮੀਟਰ ਦੂਰ ਸਥਿਤ ਹਸਪਤਾਲ 'ਚ ਅੱਗ ਲੱਗਣ ਤੋਂ ਬਾਅਦ ਕੋਰੋਨਾ ਦੇ ਘੱਟੋ-ਘੱਟ 18 ਮਰੀਜ਼ਾਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਨੇ ਕਿਹਾ,''ਅੱਗ ਇੰਨੀ ਭਿਆਨਕ ਸੀ ਕਿ ਆਈ.ਸੀ.ਯੂ. ਵਾਰਡ ਸੜ ਕੇ ਸੁਆਹ ਹੋ ਗਿਆ। ਵੈਂਟੀਲੇਟਰ ਅਤੇ ਦਵਾਈਆਂ ਰੱਖਣ ਲਈ ਫਰਿੱਜ ਦੇ ਨਾਲ ਹੀ ਬਿਸਤਰਿਆਂ ਸਮੇਤ ਅੰਦਰ ਰੱਖੇ ਸਾਰੇ ਉਪਕਰਣ ਪੂਰੀ ਤਰ੍ਹਾਂ ਸੜਕ ਗਏ।''
ਕੁਝ ਮਰੀਜ਼ਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਮੁਸ਼ਕਲ ਹੋ ਗਈ। ਹਸਪਤਾਲ ਕੰਪਲੈਕਸ 'ਚ ਐਂਬੂਲੈਂਸ ਅਤੇ ਅੱਗ ਬੁਝਾਊ ਗੱਡੀਆਂ ਦੇ ਸਾਇਰਨ ਸੁਣਾਈ ਪੈ ਰਹੇ ਸਨ ਅਤੇ ਜੋ ਉੱਥੇ ਅੱਗ ਬੁਝਾਉਣ ਦੇ ਨਾਲ ਹੀ ਅੱਗ 'ਚ ਸੁਰੱਖਿਅਤ ਬਚੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਭੇਜਣ ਦਾ ਕੰਮ ਕਰ ਰਹੀਆਂ ਸਨ। ਲੋਕਾਂ ਨੂੰ ਹਸਪਤਾਲ ਦੇ ਅੰਦਰ ਆਪਣੇ ਪਰਿਵਾਰ ਵਾਲਿਆਂ ਦੇ ਸੁਰੱਖਿਅਤ ਹੋਣ ਦੀ ਖ਼ਬਰ ਜਾਣਨ ਲਈ ਕੋਸ਼ਿਸ਼ ਕਰਦੇ ਦੇਖਿਆ ਗਿਆ। ਰਾਹਤ ਕੰਮਾਂ 'ਚ ਲੱਗੀਆਂ ਟੀਮਾਂ ਦੇ ਨਾਲ ਹੀ ਕਈ ਸਥਾਨਕ ਲੋਕ ਮਰੀਜ਼ਾਂ ਨੂੰ ਬਾਹਰ ਕੱਢਦੇ ਅਤੇ ਐਂਬੂਲੈਂਸ ਵਾਹਨਾਂ 'ਚ ਪਹੁੰਚਾਉਂਦੇ ਹੋਏ ਦੇਖਿਆ ਗਿਆ ਤਾਂ ਕਿ ਉਨ੍ਹਾਂ ਨੂੰ ਕੋਲ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਜਾ ਸਕੇ।