ਨੌਕਰੀ ਜਾਣ ਪਿੱਛੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ ਪਰਿਵਾਰ, 3 ਜੀਆਂ ਨੇ ਕੀਤੀ ਖ਼ੁਦਕੁਸ਼ੀ
Wednesday, Aug 02, 2023 - 12:38 PM (IST)

ਵਡੋਦਰਾ- ਗੁਜਰਾਤ 'ਚ ਇਕ ਹੀ ਪਰਿਵਾਰ ਦੇ 3 ਜੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਅਜਿਹਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਨੇ ਖ਼ੁਦਕੁਸ਼ੀ ਕੀਤੀ ਹੈ। ਮਾਮਲਾ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦਾ ਮੁਖੀ ਸੁਰੱਖਿਆ ਗਾਰਡ ਸੀ ਅਤੇ ਉਸ ਦੀ ਨੌਕਰੀ ਚਲੀ ਗਈ ਸੀ। ਆਰਥਿਕ ਤੰਗੀ ਤੋਂ ਪਰੇਸ਼ਾਨ ਬਜ਼ੁਰਗ ਸ਼ਖ਼ਸ ਨੇ ਆਪਣਾ ਗ਼ਲਾ ਵੱਢ ਲਿਆ।
ਡਿਪਟੀ ਕਮਿਸ਼ਨਰ ਅਭੈ ਸੋਨੀ ਨੇ ਦੱਸਿਆ ਕਿ ਪਤੀ-ਪਤਨੀ ਅਤੇ ਇੱਕ ਪੁੱਤ ਵਾਲਾ ਇਹ ਪਰਿਵਾਰ ਆਰਥਿਕ ਤੰਗੀ ਵਿਚੋਂ ਲੰਘ ਰਿਹਾ ਸੀ। ਪਤੀ ਦੀ ਉਮਰ 60 ,ਪਤਨੀ ਦੀ 50 ਸਾਲ ਅਤੇ ਪੁੱਤਰ ਦੀ ਉਮਰ 27 ਸਾਲ ਦੇ ਕਰੀਬ ਸੀ। ਤਿੰਨਾਂ ਨੇ ਖੁਦਕੁਸ਼ੀ ਕਰ ਲਈ। ਪਤੀ ਨੇ ਚਾਕੂ ਨਾਲ ਗਲਾ ਵੱਢਿਆ, ਪਤਨੀ ਨੇ ਕੀਟਨਾਸ਼ਕ ਪੀਤੀ ਅਤੇ ਪੁੱਤਰ ਨੇ ਫਾਹਾ ਲੈ ਲਿਆ। ਇਸ ਪਰਿਵਾਰ ਕੋਲ ਨਾ ਤਾਂ ਕਿਰਾਇਆ ਦੇਣ ਅਤੇ ਨਾ ਹੀ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣ ਲਈ ਪੈਸੇ ਸਨ। ਪਰਿਵਾਰ ਮੁਖੀ ਦੀ ਨੌਕਰੀ ਕੁਝ ਸਮਾਂ ਪਹਿਲਾਂ ਚਲੀ ਗਈ ਸੀ।
ਮੰਗਲਵਾਰ ਦੀ ਸਵੇਰ ਨੂੰ ਇਹ ਘਟਨਾ ਉਸ ਸਮੇਂ ਉਜਾਗਰ ਹੋਈ, ਜਦੋਂ ਚਾਕੂ ਨਾਲ ਆਪਣਾ ਗਲ਼ ਵੱਢਣ ਵਾਲੇ 60 ਸਾਲਾ ਦੇ ਬਜ਼ੁਰਗ ਨੇ ਮਦਦ ਲਈ ਆਵਾਜ਼ ਲਾਈ। ਅਪਾਰਟਮੈਂਟ 'ਚ ਰਹਿਣ ਵਾਲੀ ਮਕਾਨ ਮਾਲਕ ਦੀ ਪਤਨੀ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਜਦੋਂ ਉਹ ਉੱਥੇ ਪਹੁੰਚੀ ਤਾਂ ਬਜ਼ੁਰਗ ਖੂਨ ਨਾਲ ਲਹੂ-ਲੁਹਾਣ ਪਿਆ ਸੀ। ਉਨ੍ਹਾਂ ਦੀ ਗਰਦਨ 'ਤੇ ਕੱਟ ਦਾ ਨਿਸ਼ਾਨ ਸੀ। ਮ੍ਰਿਤਕ ਦੀ ਪਤਨੀ ਜਿੱਥੇ ਮ੍ਰਿਤਕ ਮਿਲੀ ਹੈ ਤਾਂ ਉੱਥੇ ਹੀ ਇਕ ਬੋਤਲ ਵਿਚ ਕੀਟਨਾਸ਼ਕ ਉਸ ਦੇ ਨੇੜੇ ਮਿਲਿਆ। ਜਦਕਿ ਪੁੱਤ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਮਿਲੀ। ਪਿਤਾ ਨੇ ਮਰਨ ਤੋਂ ਪਹਿਲਾਂ ਕੰਬਦੀ ਆਵਾਜ਼ ਵਿਚ ਪੁਲਸ ਸਾਹਮਣੇ ਖੁਦਕੁਸ਼ੀ ਦੀ ਕਹਾਣੀ ਬਿਆਨ ਕੀਤੀ ਹੈ। ਮਰਨ ਤੋਂ ਪਹਿਲਾਂ ਪਰਿਵਾਰ ਦੇ ਮੁਖੀ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਉਸ 'ਤੇ ਕਰਜ਼ਾ ਸੀ ਪਰ ਇਸ ਨੂੰ ਚੁਕਾਉਣ 'ਚ ਅਸਮਰੱਥ ਸੀ। ਪੁਲਸ ਨੇ ਕਿਹਾ ਹੈ ਕਿ ਇਸ ਘਟਨਾ 'ਚ ਕਤਲ ਦਾ ਸ਼ੱਕ ਕਰਨ ਵਾਲੇ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ। ਅਜਿਹੇ 'ਚ ਪੁਲਸ ਇਸ ਨੂੰ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।