ਹੈਰਾਨੀਜਨਕ ਮਾਮਲਾ: ਵਿਆਹ ਦੇ 8 ਸਾਲ ਬਾਅਦ ਪਤਾ ਲੱਗਾ ਔਰਤ ਤੋਂ ਪੁਰਸ਼ ਬਣਿਆ ਸੀ ਪਤੀ

Monday, Sep 19, 2022 - 12:41 PM (IST)

ਹੈਰਾਨੀਜਨਕ ਮਾਮਲਾ: ਵਿਆਹ ਦੇ 8 ਸਾਲ ਬਾਅਦ ਪਤਾ ਲੱਗਾ ਔਰਤ ਤੋਂ ਪੁਰਸ਼ ਬਣਿਆ ਸੀ ਪਤੀ

ਬਡੋਦਰਾ- ਗੁਜਰਾਤ ਦੇ ਬਡੋਦਰਾ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਵਿਆਹ ਦੇ ਕਰੀਬ 8 ਸਾਲਾਂ ਬਾਅਦ ਪਤਨੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਪੁਰਸ਼ ਨਹੀਂ ਸਗੋਂ ਇਕ ਔਰਤ ਹੋਇਆ ਕਰਦਾ ਸੀ। ਉਸ ਨੇ ਸਰਜਰੀ ਕਰਵਾ ਕੇ ਲਿੰਗ ਪਰਿਵਰਤਨ ਕਰਵਾਇਆ ਸੀ। ਦੋਹਾਂ ਦਾ ਵਿਆਹ ਸਾਲ 2014 ’ਚ ਹੋਇਆ ਸੀ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਸਯਾਜੀਗੰਜ ਦੀ ਔਰਤ ਨੇ ਪਤੀ ਡਾ. ਵਿਰਾਜ ਵਰਧਨ ਖ਼ਿਲਾਫ ਸ਼ਹਿਰ ਦੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 2020 ’ਚ ਕੋਲਕਾਤਾ ’ਚ ਵਿਰਾਜ ਦੀ ਹੋਈ ਸਰਜਰੀ ਦੀ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਦਰਜ ਕਰਵਾਈ ਗਈ। 

ਔਰਤ ਨੇ ਦੋਸ਼ ਲਾਇਆ ਕਿ ਸਰਜਰੀ ਦੇ ਦਸਤਾਵੇਜ਼ ਤੋਂ ਪਤਾ ਲੱਗਾ ਕਿ ਉਸ ਦਾ ਪਤੀ ਸ਼ੁਰੂਆਤ ਤੋਂ ਇਕ ਔਰਤ ਸੀ। ਬਾਅਦ ’ਚ ਉਸ ਨੇ ਲਿੰਗ ਪਰਿਵਰਤਨ ਕਰਵਾਇਆ ਅਤੇ ਇਸ ਮਾਮਲੇ ਨੂੰ ਵਿਆਹ ਦੇ 8 ਸਾਲ ਤੱਕ ਲੁਕਾ ਕੇ ਰੱਖਿਆ। ਤੱਥਾਂ  ਦੀ ਜਾਂਚ ਕਰਨ ਮਗਰੋਂ ਪੁਲਸ ਨੇ ਮਾਮਲੇ ’ਚ ਐਫ. ਆਈ. ਆਰ. ਦਰਜ ਕੀਤੀ ਅਤੇ ਵਿਰਾਜ ਉਰਫ਼ ਵਿਜੇਤਾ ਨੂੰ ਦਿੱਲੀ ਤੋਂ ਵਡੋਦਰਾ ਲਿਆਈ। ਸ਼ਿਕਾਇਤ ਮੁਤਾਬਕ ਦੋਸ਼ੀ ਵਿਰਾਜ ਦਿੱਲੀ ਦਾ ਰਹਿਣ ਵਾਲਾ ਹੈ। ਉਸ ਨੇ ਵਡੋਦਰਾ ਦੀ ਔਰਤ ਨਾਲ ਵਿਆਹ ਕਰਵਾਇਆ ਸੀ ਪਰ ਦੋਹਾਂ ਦਾ ਰਿਸ਼ਤਾ ਕਦੇ ਵੀ ਪਤੀ-ਪਤਨੀ ਵਾਂਗ ਨਹੀਂ ਰਿਹਾ।

ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਹੋਈ ਮੁਲਾਕਾਤ

ਔਰਤ ਦੇ ਵਕੀਲ ਸਿਧਾਰਥ ਪਵਾਰ ਨੇ ਖੁਲਾਸਾ ਕੀਤਾ, ਦੋਵਾਂ ਦੀ ਮੁਲਾਕਾਤ ਮੈਟਰੀਮੋਨੀਅਲ ਵੈੱਬਸਾਈਟ 'ਤੇ ਹੋਈ ਸੀ। ਔਰਤ ਉਦੋਂ ਵਿਧਵਾ ਸੀ। ਇਹ ਵਿਆਹ ਫਰਵਰੀ 2014 ਵਿਚ ਹੋਇਆ ਸੀ। ਜਦੋਂ ਦੋਵਾਂ ਦੇ ਪਰਿਵਾਰ ਵਿਆਹ ਲਈ ਵਡੋਦਰਾ 'ਚ ਮਿਲੇ ਤਾਂ ਦੋਸ਼ੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਔਰਤ ਹੋਣ ਦੀ ਜਾਣਕਾਰੀ ਨਹੀਂ ਦਿੱਤੀ। ਪੁਲਸ ਨੇ ਵਿਰਾਜ ਦੀ ਮਾਂ ਅਤੇ ਭੈਣ ਦੇ ਖ਼ਿਲਾਫ ਵੀ ਸੱਚਾਈ ਲੁਕਾਉਣ ਲਈ ਪਰਚਾ ਦਰਜ ਕੀਤਾ ਹੈ।

ਕਦੇ ਹਾਦਸੇ ਦਾ ਬਹਾਨਾ ਤਾਂ ਕਦੇ ਐਲਰਜੀ ਦਾ-

ਵਡੋਦਰਾ ਦੇ ਡਿਪਟੀ ਪੁਲਸ ਕਮਿਸ਼ਨਰ ਅਭੈ ਸੋਨੀ ਨੇ ਕਿਹਾ, ''ਵਿਆਹ ਤੋਂ ਬਾਅਦ ਦੋਵੇਂ ਦਿੱਲੀ ਆ ਗਏ ਸਨ। ਉਦੋਂ ਤੋਂ ਉਨ੍ਹਾਂ ਨੇ ਸਰੀਰਕ ਸਬੰਧ ਨਹੀਂ ਬਣਾਏ ਹਨ। ਜਦੋਂ ਔਰਤ ਨੇ ਆਪਣੇ ਪਤੀ 'ਤੇ ਦਬਾਅ ਪਾਇਆ ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਕੁਝ ਸਾਲ ਪਹਿਲਾਂ ਰੂਸ 'ਚ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਹ ਸੈਕਸ ਕਰਨ ਤੋਂ ਅਸਮਰੱਥ ਸੀ। ਪ੍ਰਾਈਵੇਟ ਪਾਰਟ 'ਚ ਐਲਰਜੀ ਦੇ ਬਹਾਨੇ ਵੀ ਬਣਾਉਂਦਾ ਸੀ।

ਪਤੀ ਦਾ ਦਾਅਵਾ- ਪਤਨੀ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ

ਪਤੀ ਵਿਰਾਜ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਆਹ ਤੋਂ ਪਹਿਲਾਂ ਉਹ (ਪਤਨੀ) ਸਭ ਕੁਝ ਜਾਣਦੀ ਸੀ। ਉਹ ਲਿੰਗ ਪਰਿਵਰਤਨ ਲਈ ਸਰਜਰੀ ਦੀ ਲੋੜ ਤੋਂ ਵੀ ਜਾਣੂ ਸੀ। ਉਹ ਇਹ ਵੀ ਜਾਣਦੀ ਹੈ ਕਿ ਸਰਜਰੀ ਦੀ ਤਿੰਨ-ਪੜਾਵੀ ਪ੍ਰਕਿਰਿਆ ਅਜੇ ਬਾਕੀ ਹੈ। ਵਿਰਾਜ ਨੇ ਕਿਹਾ ਕਿ ਮੈਂ ਅਧਿਕਾਰਤ ਤੌਰ 'ਤੇ ਉਸ ਦੀ ਧੀ ਨੂੰ ਅਪਣਾਇਆ। ਹੁਣ ਵਿਆਹ ਦੇ 8 ਸਾਲ ਬਾਅਦ ਉਹ ਦਾਅਵਾ ਕਰ ਰਹੀ ਹੈ ਕਿ ਉਹ ਆਪਣੇ ਪਤੀ ਦੇ ਸਰੀਰ ਨੂੰ ਵੀ ਨਹੀਂ ਜਾਣਦੀ ਹੈ। 

ਦੋਵੇਂ ਵੱਖ-ਵੱਖ ਕਮਰਿਆਂ ’ਚ ਰਹਿੰਦੇ ਸਨ

ਵਿਰਾਜ ਨੇ ਦਾਅਵਾ ਕੀਤਾ, ਅਸੀਂ ਦੋਵੇਂ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਕਮਰਿਆਂ 'ਚ ਰਹਿ ਰਹੇ ਹਾਂ। ਉਸ ਨੇ ਮੇਰੇ ਕਮਰੇ ਵਿਚ ਕੈਮਰਾ ਲਾਇਆ ਸੀ ਅਤੇ ਤਸਵੀਰਾਂ ਖਿੱਚਦੀ ਸੀ।


author

Tanu

Content Editor

Related News