GST ਬਹੁਤ ਗੁੰਝਲਦਾਰ ਟੈਕਸ ਪ੍ਰਣਾਲੀ, ਭਾਰਤ ਵਰਗੇ ਦੇਸ਼ ਲਈ ਠੀਕ ਨਹੀਂ : ਕੇਜਰੀਵਾਲ

07/27/2022 4:02:22 PM

ਰਾਜਕੋਟ (ਭਾਸ਼ਾ)– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਦਾ ਵਿਰੋਧ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਕਸਾਰ ਟੈਕਸ ਦੀ ਇਹ ਪ੍ਰਣਾਲੀ ਭਾਰਤ ਵਰਗੇ ਦੇਸ਼ ਲਈ ਠੀਕ ਨਹੀਂ ਹੈ ਅਤੇ ਉਹ ਨਿੱਜੀ ਤੌਰ ’ਤੇ ਇਸ ਦੇ ਹੱਕ ਵਿਚ ਨਹੀਂ ਹਨ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਇੱਥੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ. ਐੱਸ. ਟੀ. ਪ੍ਰਣਾਲੀ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਸਰਲ ਬਣਾਉਣ ਦੀ ਲੋੜ ਹੈ ਤਾਂ ਕਿ ਵਪਾਰੀ ਅਤੇ ਉਦਯੋਗਪਤੀ ਆਸਾਨੀ ਨਾਲ ਟੈਕਸ ਦਾ ਭੁਗਤਾਨ ਕਰ ਸਕਣ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੇਂਦਰ ਨੇ ਦਹੀਂ, ਮੱਖਣ, ਕਣਕ ਦੇ ਆਟੇ ਅਤੇ ਚੌਲਾਂ ਦੇ ਪੈਕਟਾਂ ਅਤੇ ਬ੍ਰਾਂਡਿਡ ਉਤਪਾਦਾਂ ’ਤੇ ਜੀ. ਐੱਸ. ਟੀ. ਲਗਾ ਦਿੱਤਾ ਹੈ। ਉਨ੍ਹਾਂ ਸਰਕਾਰ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਇਹ ਸਰਕਾਰ ਹਵਾ ’ਤੇ ਵੀ ਜੀ. ਐੱਸ. ਟੀ. ਨਾ ਲਗਾ ਦੇਵੇ। ਕੇਜਰੀਵਾਲ ਨੇ ਕਿਹਾ, ‘‘ਜੀ. ਐੱਸ. ਟੀ. ਇੰਨੀ ਗੁੰਝਲਦਾਰ ਹੈ ਕਿ ਮੇਰੀ ਪਛਾਣ ਦੇ ਬਹੁਤ ਸਾਰੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪਏ ਹਨ, ਕਿਉਂਕਿ ਉਹ ਜੀ. ਐੱਸ. ਟੀ. ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਅਸਮਰੱਥ ਸਨ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕੋ ਜਿਹੇ ਉਤਪਾਦਾਂ ਅਤੇ ਸੇਵਾਵਾਂ ’ਤੇ ਇਕ ਬਰਾਬਰ ਟੈਕਸ ਲਗਾਉਣਾ ਵੀ ਠੀਕ ਨਹੀਂ ਹੈ।

ਦਿੱਲੀ ਦੇ ਸੀ. ਐੱਮ. ਨੇ ਸੋਮਨਾਥ ਮੰਦਰ ’ਚ ਕੀਤੀ ਪੂਜਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਗੁਜਰਾਤ ਦੇ ਵੇਰਾਵਲ ਕਸਬੇ ਨੇੜੇ ਸਥਿਤ ਪ੍ਰਸਿੱਧ ਸੋਮਨਾਥ ਮੰਦਰ ’ਚ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਮੰਦਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਸੂਬੇ ਦੇ ਬੋਟਾਦ ਕਸਬੇ ਵਿਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 28 ਵਿਅਕਤੀਆਂ ਦੀ ਮੌਤ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।


Rakesh

Content Editor

Related News