ਗਰੁੱਪ-23 ਦਾ ਕਾਂਗਰਸ ਖ਼ਿਲਾਫ਼ ਵਿਦਰੋਹ; ਸ਼ਖ਼ਸੀ ਪੂਜਾ ਵੱਲ ਵੱਧ ਰਹੀ ਭਾਜਪਾ

Thursday, Mar 11, 2021 - 05:52 PM (IST)

ਸੰਜੀਵ ਪਾਂਡੇ 

ਕਾਂਗਰਸ ਅੰਦਰ ਪਿਛਲੇ ਸਾਲ ਹੋਂਦ ਵਿੱਚ ਆਇਆ ਗਰੁੱਪ-23 ਫਿਰ ਸਰਗਰਮ ਹੋ ਗਿਆ ਹੈ। ਬੇਸ਼ੱਕ ਗਰੁੱਪ-23 ਵਿੱਚ ਸ਼ਾਮਲ ਜ਼ਿਆਦਾਤਰ ਆਗੂਆਂ ਨੇ ਹਾਈਕਮਾਨ ਦੀ ਰਾਜਨੀਤੀ ਕੀਤੀ ਹੈ ਪਰ ਆਪਣਾ ਵੋਟ ਬੈਂਕ ਨਾਂਹ ਦੇ ਬਰਾਬਰ ਹੈ।ਸਚਾਈ ਇਹ ਹੈ ਕਿ ਹਾਈਕਮਾਨ ਸੱਭਿਆਚਾਰ ਦੀ ਮਿਹਰਬਾਨੀ ਨਾਲ ਸੱਤਾ ਵਿੱਚ ਬਣੇ ਰਹਿਣ ਵਾਲੇ ਇਨ੍ਹਾਂ ਨੇਤਾਵਾਂ ਨੂੰ ਅੱਜ ਸੰਗਠਨ ਦੀ ਯਾਦ ਆ ਰਹੀ ਹੈ।ਇਨ੍ਹਾਂ ਵਿਚੋਂ ਕਈ ਆਗੂਆਂ ਦੀ ਬਦਜ਼ੁਬਾਨੀ ਯੂਪੀਏ ਸ਼ਾਸ਼ਨ ਕਾਲ ਵਿੱਚ ਵੇਖਣ ਵਾਲੀ ਸੀ।ਜਿਸਦਾ ਖਮਿਆਜ਼ਾ 2014 ਵਿੱਚ ਕਾਂਗਰਸ ਨੂੰ ਭੁਗਤਣਾ ਪਿਆ ਸੀ।ਜਨਤਾ ਵਿਚਕਾਰ ਵਿਚਰਨ ਦੀ ਬਜਾਏ ਦਹਾਕਿਆਂ ਤੱਕ ਮਲਾਈ ਖਾਣ ਵਾਲੇ ਨੇਤਾਵਾਂ ਨੂੰ ਹੁਣ ਕਾਂਗਰਸ ਦੇ ਕਮਜ਼ੋਰ ਸੰਗਠਨ ਦੀ ਯਾਦ ਆ ਰਹੀ ਹੈ।ਹੁਣ ਲਗਾਤਾਰ ਕਾਂਗਰਸ ਹਾਈਕਮਾਨ 'ਤੇ ਹਮਲਾ ਕਰ ਰਹੇ ਹਨ।ਹੁਣ ਇਨ੍ਹਾਂ ਨੂੰ ਪਾਰਟੀ ਅੰਦਰ ਸੰਗਠਨ ਦੀਆਂ ਚੋਣਾਂ ਯਾਦ ਆ ਰਹੀਆਂ ਹਨ।

ਗਾਂਧੀ-ਨਹਿਰੂ ਪਰਿਵਾਰ ਦੇ ਕਰੀਬ ਹੋਣ ਦਾ ਸੁੱਖ
ਜੇਕਰ 2004 ਤੋਂ ਲੈ ਕੇ 2014 ਦਰਮਿਆਨ, ਜਦੋਂ ਕਾਂਗਰਸ ਸੱਤਾ ਵਿੱਚ ਸੀ, ਕੋਈ ਆਗੂ ਪਾਰਟੀ ਦੇ ਅੰਦਰ ਜਾਂ ਬਾਹਰ ਲੋਕਤੰਤਰ ਜਾਂ ਸੰਗਠਨ ਦੀ ਕਮਜ਼ੋਰੀ ਦੀ ਗੱਲ ਕਰਦਾ ਤਾਂ ਗੁਲਾਮ ਨਬੀ ਆਜ਼ਾਦ,ਮਨੀਸ਼ ਤਿਵਾੜੀ, ਆਨੰਦ ਸ਼ਰਮਾ ਅਤੇ ਕਪਿਲ ਸਿੱਬਲ ਦਾ ਕੀ ਸਟੈਂਡ ਸੀ? ਇਹ ਚਾਰੇ ਨੇਤਾ ਯੂਪੀਏ ਦੀ ਸਰਕਾਰ ਵੇਲੇ ਮੰਤਰੀ ਵੀ ਰਹੇ ਹਨ।ਉਸ ਵੇਲੇ ਦੀਆਂ ਇਨ੍ਹਾਂ ਦੀਆਂ ਪੱਤਰਕਾਰ ਮਿਲਣੀ ਦੀਆਂ ਵੀਡੀਓ ਵੇਖੋਗੇ ਤਾਂ ਅਹੰਕਾਰ ਸਾਫ਼ ਵੇਖਿਆ ਜਾ ਸਕਦਾ ਹੈ।ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਅੱਜ ਕੱਲ੍ਹ ਭਾਜਪਾ ਦੇ ਕਈ ਮੰਤਰੀ ਕਰ ਰਹੇ ਹਨ ਉਸੇ ਤਰ੍ਹਾਂ ਦੀ ਭਾਸ਼ਾ ਉਸ ਵਕਤ ਕਪਿਲ  ਸਿੱਬਲ ਅਤੇ ਮਨੀਸ਼ ਤਿਵਾੜੀ ਦੀ ਸੀ।ਇਹ ਉਹ ਨੇਤਾ ਹਨ ਜਿਨ੍ਹਾਂ ਦਾ ਲੋਕਾਂ ਵਿਚਕਾਰ ਕੋਈ ਆਧਾਰ ਨਹੀਂ ਹੈ।ਆਪਣੇ ਦਮ 'ਤੇ ਇਹ ਆਗੂ ਪੰਚਾਇਤੀ ਚੋਣਾਂ ਵੀ ਨਹੀਂ ਜਿੱਤ ਸਕਦੇ।ਇਹ ਨੇਤਾ ਰਾਜ ਸਭਾ ਵਿੱਚ ਪਹੁੰਚ ਸੱਤਾ ਦਾ ਸੁੱਖ ਲੈਣ ਵਾਲੇ ਹਨ।ਸਚਾਈ ਤਾਂ ਇਹੀ ਹੈ ਕਿ ਗਾਂਧੀ-ਨਹਿਰੂ ਪਰਿਵਾਰ ਦੇ ਨਜ਼ਦੀਕ ਹੋਣ ਕਰਕੇ ਇਹ ਨੇਤਾ ਸੱਤਾ ਦਾ ਸੁੱਖ ਭੋਗ ਰਹੇ ਹਨ।ਇਕ ਨਜ਼ਰੀਆ ਇਹ ਵੀ ਹੈ ਕਿ ਗੁਲਾਮ ਨਬੀ ਆਜ਼ਾਦ ਨੂੰ ਭਾਜਪਾ ਜੰਮੂ-ਕਸ਼ਮੀਰ ਵਿੱਚ ਇਸਤੇਮਾਲ ਕਰਨਾ ਚਾਹੁੰਦੀ ਹੈ।

ਭੁਪਿੰਦਰ ਹੁੱਡਾ ਦਾ ਬਾਗ਼ੀ ਹੋਣਾ ਦਿਲਚਸਪ
ਗਰੁੱਪ-23 ਵਿੱਚ ਸ਼ਾਮਿਲ ਆਗੂਆਂ ਵਿੱਚੋਂ ਭੁਪਿੰਦਰ ਸਿੰਘ ਹੁੱਡਾ ਤਾਂ 10 ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਅਤੇ ਹੁਣ ਹੁੱਡਾ ਵੀ ਹੁਣ ਬਾਗ਼ੀ ਬਣ ਗਏ ਹਨ।ਹੁੱਡਾ ਦਾ ਬਾਗ਼ੀ ਹੋਣਾ ਦਿਲਚਸਪ ਹੈ।ਉਹਦੀ ਇੱਛਾ ਅਨੁਸਾਰ ਉਹਦੇ ਪੁੱਤਰ ਦੀਪੇਂਦਰ ਹੁੱਡਾ ਨੂੰ ਕਾਂਗਰਸ ਨੇ ਲੋਕ ਸਭਾ ਵਿੱਚ ਭੇਜਿਆ।ਦੀਪੇਂਦਰ 2019 ਵਿੱਚ ਲੋਕ ਸਭਾ ਚੋਣਾਂ ਰੋਹਤਕ ਤੋਂ ਹਾਰ ਗਏ ਸਨ।ਖ਼ੁਦ ਭੁਪਿੰਦਰ ਹੁੱਡਾ ਵੀ ਸੋਨੀਪਤ ਤੋਂ ਹਾਰ ਗਏ ਸਨ।ਇਸਦੇ ਬਾਵਜੂਦ ਹੁੱਡਾ ਬਗ਼ਾਵਤੀ ਸੁਰ ਵਿਖਾ ਰਹੇ ਹਨ।ਕਾਂਗਰਸੀ ਆਗੂ ਭਜਨ ਲਾਲ ਨੂੰ ਕਿਨਾਰੇ ਕਰਕੇ ਕਾਂਗਰਸ ਹਾਈਕਮਾਨ ਨੇ ਭੁਪਿੰਦਰ ਹੁੱਡਾ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਸੀ।ਸੋਨੀਆ ਗਾਂਧੀ ਨੇ ਇਸ ਕਰਕੇ ਭਜਨ ਲਾਲ ਦੀ ਬਗ਼ਾਵਤ ਵੀ ਝੱਲੀ। 10 ਸਾਲ ਤੱਕ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਰਹੇ।ਜਦੋਂ ਉਹ ਸੱਤਾ ਦਾ ਸੁੱਖ ਲੈ ਰਹੇ ਸਨ ਤਾਂ ਉਦੋਂ ਪਾਰਟੀ ਅੰਦਰ ਲੋਕਤੰਤਰ ਨੂੰ ਕੋਈ ਖ਼ਤਰਾ ਨਹੀਂ ਜਾਪਿਆ।ਹੁੱਡਾ ਨੇ ਇਸ ਵਕਤ ਹਰਿਆਣਾ 'ਚ ਪਾਰਟੀ ਅੰਦਰ ਆਪਣਾ ਇੱਕ ਮਜ਼ਬੂਤ ਗੁੱਟ ਬਣਾ ਲਿਆ ਜੋ ਦੂਜੇ ਆਗੂਆਂ ਨੂੰ ਹਾਸ਼ੀਏ 'ਤੇ ਲਿਆਉਣ ਦਾ ਕੰਮ ਕਰਦਾ ਰਿਹਾ।

ਇਹ ਵੀ ਪੜ੍ਹੋਅੰਦੋਲਨ ਜੇਕਰ ਸਿੱਖ ਕਿਸਾਨਾਂ ਦਾ ਹੈ ਤਾਂ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਭਾਜਪਾ ਨੂੰ ਕਿਉਂ ਨਕਾਰਿਆ?

ਕਾਂਗਰਸ ਹਾਈਕਮਾਨ ਦਾ ਨਵਾਂ ਦਾਅ
ਹੁੱਡਾ ਨੂੰ ਜੇਕਰ ਕਾਂਗਰਸ ਅੰਦਰ ਲੋਕਤੰਤਰ ਖ਼ਤਰੇ ਵਿੱਚ ਲੱਗ ਰਿਹਾ ਹੈ ਤਾਂ ਇਸਦੇ ਵਾਜ਼ਿਬ ਕਾਰਨ ਹਨ।ਦਰਅਸਲ ਕਾਂਗਰਸ ਹਾਈਕਮਾਨ ਹਰਿਆਣਾ ਵਿੱਚ ਉਹਦਾ ਵਿਕਲਪ ਤਿਆਰ ਕਰ ਰਹੀ ਹੈ ਜਿਸ ਕਾਰਨ ਹੁੱਡਾ ਨਾਰਾਜ਼ ਹਨ।ਵਿਕਲਪ ਦੇ ਤੌਰ 'ਤੇ ਰਣਦੀਪ ਸੁਰਜੇਵਾਲਾ ਨੂੰ ਤਿਆਰ ਕੀਤਾ ਜਾ ਰਿਹਾ ਹੈ।ਪਿਛਲੇ ਸਾਲਾਂ ਵਿੱਚ ਸੁਰਜੇਵਾਲਾ ਨੇ ਦਿੱਲੀ ਵਿੱਚ ਆਪਣੀ ਹੈਸੀਆਤ ਵਧਾ ਲਈ ਹੈ।ਹੁੱਡਾ ਜਾਣਦੇ ਹਨ ਕਿ ਜੇਕਰ ਹਰਿਆਣਾ ਵਿੱਚ ਕਾਂਗਰਸ ਆਉਂਦੀ ਹੈ ਤਾਂ ਉਸਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲੇਗਾ।ਇਸ ਲਈ ਉਹ ਆਪਣੇ ਪੁੱਤਰ ਲਈ ਜ਼ਮੀਨ ਤਿਆਰ ਕਰ ਰਹੇ ਹਨ। ਦੂਜੇ ਪਾਸੇ ਹੁੱਡਾ ਵਿਰੋਧੀ ਸ਼ੈਲਜਾ ਵੀ ਇਸ ਵਕਤ ਕਾਂਗਰਸ ਸੰਗਠਨ ਵਿੱਚ ਮਜ਼ਬੂਤ ਹੈ।

ਭਾਜਪਾ ਦੀ ਰਣਨੀਤੀ ਨੂੰ ਸਮਝਣ ਦੀ ਲੋੜ
ਹੁੱਡਾ ਦਾ ਗਰੁੱਪ-23 ਵਿੱਚ ਸ਼ਾਮਲ ਹੋਣ ਦਾ ਇੱਕ ਵੱਡਾ ਕਾਰਨ ਨਰਿੰਦਰ ਮੋਦੀ ਦੀ ਈਡੀ ਅਤੇ ਸੀਬੀਆਈ ਵੀ ਹੈ।ਹੁੱਡਾ ਖ਼ਿਲਾਫ਼ ਈਡੀ ਅਤੇ ਸੀਬੀਆਈ ਨੇ ਪੰਚਕੂਲਾ ਕੋਰਟ ਵਿੱਚ ਚਾਲਾਨ ਪੇਸ਼ ਕਰ ਦਿੱਤਾ ਹੈ।ਇਨ੍ਹਾਂ ਸਥਿਤੀਆਂ ਵਿੱਚ ਕਾਂਗਰਸ ਹਾਈਕਮਾਨ ਪ੍ਰਤੀ ਉਹਦਾ ਵਿਦਰੋਹ ਮੋਦੀ ਦੀ ਘੁਰਕੀ ਤੋਂ ਬਚਾ ਸਕਦਾ ਹੈ।ਇਥੇ ਭਾਜਪਾ ਦੀ ਰਣਨੀਤੀ ਨੂੰ ਵੀ ਸਮਝਣ ਦੀ ਲੋੜ ਹੈ।ਭਾਜਪਾ ਸੱਤਾ ਨੂੰ ਆਪਣੇ ਹੱਥ ਵਿੱਚ ਰੱਖਣ ਲਈ ਹਰ ਹੀਲਾ ਵਰਤ ਸਕਦੀ ਹੈ।ਮੱਧ ਪ੍ਰਦੇਸ਼ ਵਿੱਚ ਸੱਤਾ ਹਾਸਿਲ ਕਰਨ ਲਈ ਜੋਤਿਓਰਾਦਿਤਿਆ ਨੂੰ ਹਥਿਆਰ ਬਣਾਇਆ,ਕਾਂਗਰਸ ਦੀ ਕਮਲਨਾਥ ਸਰਕਾਰ ਡਿੱਗ ਗਈ।ਹਰਿਆਣਾ ਦੀ ਸਰਕਾਰ ਇਸ ਵਕਤ ਕਿਸਾਨ ਅੰਦੋਲਨ ਕਰਕੇ ਮੁਸੀਬਤ ਵਿੱਚ ਹੈ, ਇਸ ਕਰਕੇ ਭਾਜਪਾ ਲੋੜ ਪੈਣ 'ਤੇ ਹੁੱਡਾ ਦਾ ਸਹਾਰਾ ਵੀ ਲੈ ਸਕਦੀ ਹੈ।ਇਸ ਦੇ ਬਦਲੇ ਵਿੱਚ ਭਾਜਪਾ ਹੁੱਡਾ ਪਰਿਵਾਰ ਨੂੰ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਕਿਸੇ ਅਹੁਦੇ ਨਾਲ ਨਿਵਾਜ਼ ਸਕਦੀ ਹੈ।ਇਸ ਮੌਕੇ ਜੇ ਹੁੱਡਾ ਕਾਂਗਰਸ ਪਾਰਟੀ ਅੰਦਰ ਲੋਕਤੰਤਰ ਦੀ ਘਾਟ ਦੀ ਦੁਹਾਈ ਪਾਉਂਦੇ ਹਨ ਤਾਂ ਇਹ ਕੋਈ ਹੈਰਾਨੀਜਨਕ ਨਹੀਂ ਹੈ।ਵੈਸੇ ਵੀ ਹੁਣ ਹਰ ਪਾਰਟੀ ਦੀ ਵਿਚਾਰਧਾਰਕ ਪ੍ਰਤੀਬੱਧਤਾ ਨਾਲੋਂ ਸੱਤਾ ਪ੍ਰਤੀ ਮੋਹ ਵੱਧ ਗਿਆ ਹੈ।

ਇਹ ਵੀ ਪੜ੍ਹੋ:ਪੱਛਮੀ ਬੰਗਾਲ ਚੋਣਾਂ: ਜਾਣੋ ਭਾਜਪਾ ਨੂੰ ਕਿਸਦਾ ਸਹਾਰਾ, ਮਮਤਾ ਬੈਨਰਜੀ ਨੂੰ ਕਿਉਂ ਹੈ ਅਤਿ-ਵਿਸ਼ਵਾਸ

ਆਜ਼ਾਦੀ ਦੇ ਬਾਅਦ ਵਿਗੜਿਆ ਕਾਂਗਰਸ ਦਾ ਅੰਦਰੂਨੀ ਲੋਕਤੰਤਰ 
ਇੱਕ ਪੱਖ ਇਹ ਵੀ ਹੈ ਕਿ ਗਰੁੱਪ-23 ਦੇ ਆਗੂਆਂ ਦੀਆਂ ਬਗ਼ਾਵਤੀ ਸੁਰਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਜ਼ਿਆਦਾ ਤਵੱਜੋਂ ਦੇਣ ਦੇ ਰੌਂਅ ਵਿੱਚ ਨਹੀਂ ਹੈ।ਪਹਿਲਾਂ ਵੀ ਇਸ ਤਰ੍ਹਾਂ ਦੇ ਵਿਰੋਧ ਹੁੰਦੇ ਰਹੇ ਹਨ।ਕਾਂਗਰਸ ਵਿੱਚ ਅੰਦਰੂਨੀ ਲੋਕਤੰਤਰ ਆਜ਼ਾਦੀ ਦੇ ਬਾਅਦ ਹੌਲੀ-ਹੌਲੀ ਖ਼ਤਮ ਹੋਣਾ  ਸ਼ੁਰੂ ਹੋ ਗਿਆ ਸੀ।ਕਾਂਗਰਸ ਆਜ਼ਾਦੀ ਮਗਰੋਂ ਗਾਂਧੀ- ਨਹਿਰੂ ਪਰਿਵਾਰ ਦੇ ਹੱਥਾਂ ਵਿੱਚ ਚਲੀ ਗਈ ਸੀ।ਨਹਿਰੂ-ਗਾਂਧੀ ਪਰਿਵਾਰ ਖ਼ਿਲਾਫ਼ ਸਮੇਂ ਸਮੇਂ ਵਿਰੋਧ ਹੋਇਆ ਪਰ ਪਾਰਟੀ ਇਸ ਮੌਕੇ ਕਾਬੂ ਵਿੱਚ ਰਹੀ।ਨਰਸਿਮਹਾ ਰਾਓ ਵੀ ਕੁਝ ਸਾਲ ਗਾਂਧੀ-ਨਹਿਰੂ ਪਰਿਵਾਰ ਨੂੰ ਪਾਸੇ ਕਰਨ ਵਿੱਚ ਸਫ਼ਲ ਰਹੇ ਪਰ ਬਾਅਦ ਵਿੱਚ ਪਾਰਟੀ ਨੂੰ ਇਸੇ ਪਰਿਵਾਰ ਦੇ ਆਸਰੇ ਹੇਠ ਆਉਣਾ ਪਿਆ।ਦਰਅਸਲ ਰਾਜਨੀਤਕ ਦਲਾਂ ਵਿੱਚ ਲੋਕਤੰਤਰ ਖ਼ਤਮ ਕਰਨ ਲਈ ਦੇਸ਼ ਦਾ ਰਾਜਨੀਤਕ ਮਾਹੌਲ ਵੀ ਜ਼ਿੰਮੇਵਾਰ ਹੈ।ਕਾਰਪੋਰੇਟ ਘਰਾਣਿਆਂ ਨੇ ਵੀ ਸਿਆਸੀ ਦਲਾਂ ਅੰਦਰ ਲੋਕਤੰਤਰ ਖ਼ਤਮ ਕਰਵਾਇਆ ਹੈ।ਅੱਜ ਰਾਜਨੀਤਕ ਪਾਰਟੀਆਂ 'ਤੇ ਪਰਿਵਾਰਵਾਦ ਭਾਰੂ ਹੋ ਰਿਹਾ ਹੈ।

ਭਾਜਪਾ ਦਾ ਮਤਲਬ ਨਰਿੰਦਰ ਮੋਦੀ
ਜੋ ਸਮੱਸਿਆ ਪਰਿਵਾਰਵਾਦ ਦੀ ਕਾਂਗਰਸ ਅੰਦਰ ਦਿਖ ਰਹੀ ਹੈ ਉਹ ਤਕਰੀਬਨ ਹਰ ਖੇਤਰੀ ਪਾਰਟੀ ਅੰਦਰ ਹੈ। ਕਾਂਗਰਸ  ਦਾ ਵਿਦਰੋਹ ਕਰਨ ਵਾਲਿਆਂ ਨੂੰ ਵੀ ਆਪਣੇ ਪਰਿਵਾਰ ਦੀ ਚਿੰਤਾ ਹੈ।ਕਾਂਗਰਸ ਨੂੰ ਪਾਰਟੀ ਅੰਦਰ ਹੋਏ ਵਿਦਰੋਹ ਦਾ ਨੁਕਸਾਨ ਵੀ ਝੱਲਣਾ ਪਿਆ ਹੈ। ਇਸਦੀ ਉਦਾਹਰਨ ਆਂਧਰਾ ਪ੍ਰਦੇਸ਼ ਦੇ ਜਗਮੋਹਨ ਰੈੱਡੀ ਹਨ।ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਂਗਰਸ ਖ਼ਿਲਾਫ਼ ਵਿਦਰੋਹ ਕੀਤਾ,ਆਪਣੀ ਪਾਰਟੀ ਬਣਾਈ ਅਤੇ ਅੱਜ ਮੁੱਖ ਮੰਤਰੀ ਵੀ ਹਨ।ਮੱਧ ਪ੍ਰਦੇਸ਼ ਵਿੱਚ ਸਿੰਧੀਆ ਦੇ ਵਿਦਰੋਹ ਕਾਰਨ ਕਾਂਗਰਸ ਦੀ ਸਰਕਾਰ ਚਲੀ ਗਈ।ਰਾਜਸਥਾਨ ਵਿੱਚ ਸਚਿਨ ਪਾਇਲਟ ਦੇ ਵਿਰੋਧ ਮਗਰੋਂ ਸਰਕਾਰ ਮਸੀਂ ਬਚ ਪਾਈ।ਦੂਜੇ ਪਾਸੇ ਪਰਿਵਾਰਵਾਦ ਅਤੇ ਸੰਗਠਨ ਅੰਦਰ ਲੋਕਤੰਤਰ ਦੀ ਘਾਟ ਦੀ ਸਮੱਸਿਆ ਨਾਲ ਬੀਜੇਪੀ ਵੀ ਜੂਝ ਰਹੀ ਹੈ।ਭਾਜਪਾ ਪਾਰਟੀ ਅੰਦਰ ਹਰ ਫ਼ੈਸਲਾ ਸਾਂਝੇ ਤੌਰ 'ਤੇ ਲੈਣ ਦਾ ਦਾਅਵਾ ਕਰਦੀ ਹੈ ਪਰ ਕੀ ਇਹ ਸਚਾਈ ਹੈ? ਬਿਲਕੁਲ ਨਹੀਂ।ਭਾਜਪਾ ਵੀ ਹੁਣ ਕਾਂਗਰਸ ਵਾਂਗ ਵਿਅਕਤੀ ਪੂਜਾ ਵੱਲ ਵੱਧ ਰਹੀ ਹੈ।ਇਸ ਸਮੇਂ ਭਾਜਪਾ ਦਾ ਮਤਲਬ ਨਰਿੰਦਰ ਮੋਦੀ ਅਤੇ ਨਰਿੰਦਰ ਮੋਦੀ ਮਤਲਬ ਭਾਜਪਾ।ਮੋਦੀ ਸਾਹਮਣੇ ਪਾਰਟੀ ਅਤੇ ਨੇਤਾ ਆਤਮ ਸਮਰਪਣ ਕਰ ਚੁੱਕੇ ਹਨ। ਕਾਂਗਰਸ ਦੀ ਸਰਕਾਰ ਵੇਲੇ ਮੰਤਰੀਆਂ ਕੋਲ ਕਾਫ਼ੀ ਅਧਿਕਾਰ ਸਨ। ਉਹ ਸਮੇਂ-ਸਮੇਂ ਆਪਣੀ ਰਾਏ ਰੱਖਦੇ ਰਹਿੰਦੇ ਸਨ।ਇਸ ਸਬੰਧੀ ਮਨੀਸ਼ ਤਿਵਾੜੀ, ਗੁਲਾਮ ਨਬੀ ਆਜ਼ਾਦ,ਕੱਪਲ ਸਿੱਬਲ ਅਤੇ ਆਨੰਦ ਸ਼ਰਮਾ ਜਾਣਦੇ ਹਨ।ਇਨ੍ਹਾਂ ਨੂੰ ਮੋਦੀ ਸਰਕਾਰ ਦੇ ਮੰਤਰੀਆਂ ਦੇ ਅਧਿਕਾਰਾਂ ਦੀ ਵੀ ਜਾਣਕਾਰੀ ਹੈ।ਬਸ ਮਾਮਲਾ ਇਹ ਹੈ ਕਿ ਸੱਤਾ ਦਾ ਆਨੰਦ ਕਿਵੇਂ ਲਿਆ ਜਾਵੇ?ਸ਼ਾਇਦ ਕਾਂਗਰਸ ਹਾਈਕਮਾਨ ਨੂੰ ਨਿਸ਼ਾਨਾ ਬਣਾਉਣ ਦਾ ਇਨਾਮ ਗਰੁੱਪ 23 ਨੂੰ ਜਲਦੀ ਮਿਲੇ। 
 ਨੋਟ: ਕੀ ਕਾਂਗਰਸ ਇਸ ਰੋਹ ਨੂੰ ਰੋਕਣ ਵਿੱਚ ਕਾਮਯਾਬ ਹੋ ਸਕੇਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News