ਹੁਣ ਇਕ ਕਲਿੱਕ ’ਤੇ ਮਿਲੇਗੀ ਕੋਰੋਨਾ ਵੈਕਸੀਨ ਦੀ ਪੂਰੀ ਜਾਣਕਾਰੀ, ਸਰਕਾਰ ਨੇ ਲਾਂਚ ਕੀਤਾ ICMR ਪੋਰਟਲ
Tuesday, Sep 29, 2020 - 12:28 PM (IST)

ਨਵੀਂ ਦਿੱਲੀ– ਭਾਰਤ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਨਾਲ ਜੁੜੀ ਪੂਰੀ ਜਾਣਕਾਰੀ ਹੁਣ ਤੁਹਾਨੂੰ ਇਕ ਕਲਿੱਕ ’ਤੇ ਮਿਲ ਜਾਵੇਗੀ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਸੋਮਵਾਰ ਨੂੰ ਕੋਵਿਡ-19 ਸਬੰਧਤ ਵੈਕਸੀਨ ਪੋਰਟਲ ਲਾਂਚ ਕੀਤਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਦੇਖ-ਰੇਖ ’ਚ ਤਿਆਰ ਇਸ ਪੋਰਟਲ ’ਤੇ ਕੋਵਿਡ-19 ਵੈਕਸੀਨ ਨਾਲ ਜੁੜੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ 60 ਲੱਖ ਤੋਂ ਪਾਰ ਹੋ ਚੁੱਕੇ ਹਨ। ਸਰਕਾਰ ਦਾ ਜ਼ੋਰ ਇਸ ਸਮੇਂ ਵੈਕਸੀਨ ਤਿਆਰ ਕਰਨ ’ਤੇ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੋਵਿਡ-19 ਲਈ ਨੈਸ਼ਨਲ ਕਲੀਨਿਕਲ ਰਜਿਸਟਰੀ (NCR for Covid-19) ਲਾਂਚ ਕੀਤਾ। ਨਾਲ ਹੀ ਉਨ੍ਹਾਂ ਨੇ ਕੋਵਿਡ-19 ਵੈਕਸੀਨ ਪੋਰਟਲ (Covid-19 vaccine portal) ਵੀ ਸ਼ੁਰੂ ਕੀਤਾ। ਐੱਨ.ਸੀ.ਆਰ. ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ਨਾਲ ਜੁੜੀ ਤਾਜ਼ਾ ਜਾਣਕਾਰੀ ਮਿਲੇਗੀ। ਉਥੇ ਹੀ ਵੈਕਸੀਨ ਪੋਰਟਲ ’ਤੇ ਫਿਲਹਾਲ ਕੋਰੋਨਾ ਵਾਇਰਸ ਦੀਆਂ ਜੋ ਵੀ ਵੈਕਸੀਨਾਂ ਭਾਰਤ ’ਚ ਤਿਆਰ ਹੋ ਰਹੀਆਂ ਹਨ, ਉਨ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਪਹਿਲੀ ਸਟੇਜ ’ਚ ICMR ਦੇ ਵੈਕਸੀਨ ਪੋਰਟਲ ’ਤੇ ਭਾਰਤ ’ਚ ਕੋਵਿਡ-19 ਵੈਕਸੀਨ ਨਾਲ ਜੁੜੀ ਜਾਣਕਾਰੀ ਮਿਲੇਗੀ। ਕੁਝ ਸਮੇਂ ਬਾਅਦ ਇਸ ਪੋਰਟਲ ’ਤੇ ਵੱਖ-ਵੱਖ ਬੀਮਾਰੀਆਂ ਦੀ ਵੈਕਸੀਨ ਨਾਲ ਜੁੜਿਆ ਸਾਰਾ ਡਾਟਾ ਮਿਲ ਜਾਵੇਗਾ। ਇਥੇ ਤੁਸੀਂ ਜਾਣ ਸਕੋਗੇ ਕਿ ਕਿਹੜੀ ਵੈਕਸੀਨ ਟ੍ਰਾਇਲ ਦੇ ਕਿਸੇ ਸਟੇਜ ’ਚ ਹੈ ਅਤੇ ਉਸ ਦੇ ਪਹਿਲਾਂ ਦੇ ਨਤੀਜੇ ਕੀ ਰਹੇ ਹਨ। ICMR ਨੇ ਇਹ ਪੋਰਟਲ ਭਾਰਤ ’ਚ ਤਿਆਰ ਹੋਣ ਵਾਲੀਆਂ ਸਾਰੀਆਂ ਵੈਕਸੀਨਾਂ ਨਾਲ ਜੁੜੀ ਸਾਰੀ ਜਾਣਕਾਰੀ ਇਕ ਥਾਂ ’ਤੇ ਲੈਣ ਲਈ ਬਣਾਇਆ ਹੈ।
ICMR ਦੇ ਵੈਕਸੀਨ ਪੋਰਟਲ ’ਤੇ COVID-19 vaccine, International Symposium, India's initiative ਵਰਗੇ ਸੈਕਸ਼ਨ ਹੋਣਗੇ। ਇਸ ਤੋਂ ਇਲਾਵਾ ਆਮ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਇਕ ਸੈਕਸ਼ਨ ਹੋਵੇਗਾ ਜੋ ਸਥਾਨਕ ਭਾਸ਼ਾ ’ਚ ਹੋਵੇਗਾ। ICMR ਦੇ ਵੈਕਸੀਨ ਪੋਰਟਲ ’ਤੇ ਭਾਰਤ ਦੀਆਂ ਵੈਕਸੀਨਾਂ ਤੋਂ ਇਲਾਵਾ ਦੁਨੀਆ ਭਰ ਦੀਆਂ ਕੋਵਿਡ ਵੈਕਸੀਨਾਂ ਦੀ ਜਾਣਕਾਰੀ ਵੀ ਮਿਲੇਗੀ। ਦੁਨੀਆ ਭਰ ਦਾ ਡਾਟਾ ਵਰਲਡ ਹੈਲਥ ਓਰਗਨਾਈਜੇਸ਼ਨ (WHO) ਤੋਂ ਲਿਆ ਜਾਵੇਗਾ।
ਭਾਰਤ ’ਚ ਚੱਲ ਰਹੇ ਤਿੰਨ ਵੈਕਸੀਨਾਂ ਦੇ ਟ੍ਰਾਇਲ
- ਭਾਰਤ ’ਚ ਤਿੰਨ ਵੈਕਸੀਨਾਂ ਦੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ ਜੋ ਵੱਖ-ਵੱਖ ਸਟੇਜ ’ਚ ਹਨ।
- ICMR- ਭਾਰਤ ਬਾਇਓਟੈੱਕ ਦੀ ਵੈਕਸੀਨ Covaxin, ਦਾ ਟ੍ਰਾਇਲ ਜਾਰੀ ਹੈ, ਇਹ ਫੇਜ਼ 2 ਟ੍ਰਾਇਲ ਸਟੇਜ ’ਚ ਹੈ। ਦੇਸ਼ ’ਚ ਕਈ ਸੈਂਟਰਾਂ ’ਤੇ ਇਸ ਦਵਾਈ ਦਾ ਟ੍ਰਾਇਲ ਚੱਲ ਰਿਹਾ ਹੈ।
- ਜਾਇਡਸ ਕੈਡੀਲਾ ਵੀ ਵੈਕਸੀਨ ਦਾ ਟ੍ਰਾਇਲ ਕਰ ਰਹੀ ਹੈ। ZyCov-D ਨਾਂ ਦੀ ਇਸ ਵੈਕਸੀਨ ਦਾ ਟ੍ਰਾਇਲ ਇਨਸਾਨਾਂ ’ਤੇ ਚੱਲ ਰਿਹਾ ਹੈ।
- ਆਕਸਫੋਰਡ-ਐਸਟਰਾਜ਼ੇਨੇਕਾ ਦੀ ਵੈਕਸੀਨ ਦਾ ਰੀਕੋਬੀਨੈਂਟ ਵਰਜ਼ਨ Covishield, ਸੀਰਮ ਇੰਸਟੀਚਿਊਟ ਆਫ ਇੰਡੀਆ ਇਸ ਟੀਕੇ ਦਾ ਫੇਜ਼ 2/3 ਟ੍ਰਾਇਲ ਕਰ ਰਿਹਾ ਹੈ।