ਰਾਜਪਾਲ ਧਨਖੜ ਬੋਲੇ, ''ਮਮਤਾ ਸਰਕਾਰ ਵਿਚ ਰਾਸ਼ਨ ਦੀ ਵੰਡ ''ਚ ਕਾਲਾ ਬਜ਼ਾਰੀ''
Wednesday, May 06, 2020 - 10:23 PM (IST)
ਕੋਲਕਾਤਾ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਜਨਤਕ ਵੰਡ ਪ੍ਰਣਾਲੀ ਦੇ ਅਨਾਜ ਦੀ ਕਾਲਾ ਬਜ਼ਾਰੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਟਵੀਟ ਕਰਕੇ ਆਖਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਇਥੇ ਗਰੀਬਾਂ ਨੂੰ ਮੁਫਤ ਵਿਚ ਚਾਵਲ, ਦਾਲ ਆਦਿ ਦੇਣ ਲਈ ਕੇਂਦਰ ਸਰਕਾਰ ਲਗਾਤਾਰ ਰਾਸ਼ਨ ਭੇਜ ਰਹੀ ਹੈ, ਪਰ ਇਥੇ ਗਰੀਬਾਂ ਨੂੰ ਨਹੀਂ ਮਿਲ ਰਿਹਾ ਹੈ। ਕਈ ਥਾਂਵਾਂ ਤੋਂ ਚਿੰਤਾਜਨਕ ਰਿਪੋਰਟ ਮਿਲ ਰਹੀ ਹੈ। ਮਮਤਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰਾਜ ਵਿਚ ਗਰੀਬਾਂ ਤੱਕ ਆਸਾਨੀ ਨਾਲ ਰਾਸ਼ਨ ਦੀ ਵੰਡ ਯਕੀਕਨ ਹੋਵੇ ਅਤੇ ਕਾਲਾ ਬਜ਼ਾਰੀ 'ਤੇ ਰੋਕ ਲਾਈ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਸਿਆਸਤ ਤੋਂ ਦੂਰ ਰਹਿ ਕੇ ਆਪਣੀ ਡਿਊਟੀ ਨਿਭਾਉਣ ਅਤੇ ਗਰੀਬਾਂ ਤੱਕ ਰਾਸ਼ਨ ਦੀ ਉਪਲੱਬਧਤਾ ਯਕੀਨਨ ਕਰਨ ਦੀ ਅਪੀਲ ਕੀਤੀ।
ਰਾਜਪਾਲ ਨੇ ਇਕ ਤੋਂ ਬਾਅਦ ਇਕ 3 ਟਵੀਟ ਕੀਤੇ। ਇਸ ਵਿਚ ਲਿੱਖਿਆ ਕਿ 5 ਮਈ ਤੱਕ ਬੰਗਾਲ ਲਈ ਕੇਂਦਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਦਤ 9889 ਮਿਲੀਅਨ ਟਨ ਮਸਰ ਦਾਲ ਅਲਾਟ ਕੀਤੀ ਹੈ। ਇਸ ਵਿਚੋਂ 6800 ਮਿਲੀਅਨ ਟਨ ਪਹਿਲਾਂ ਹੀ ਪਹੁੰਚ ਚੁੱਕੀ ਹੈ। ਬਾਕੀ ਦਾਲ ਦੀ ਖੇਪ ਵੀ 2 ਦਿਨਾਂ ਵਿਚ ਆ ਜਾਵੇਗੀ। ਮਮਤਾ ਬੈਨਰਜੀ ਨੂੰ ਜਲਦ ਇਸ ਬਾਰੇ ਵਿਚ ਸਥਿਤੀ ਸਪੱਸ਼ਟ ਕਰ ਦੇਣੀ ਚਾਹੀਦੀ ਹੈ। ਇਹ ਸਮਾਂ ਇਕ-ਦੂਜੇ ਨੂੰ ਉਲਝਾਉਣ ਦਾ ਨਹੀਂ ਬਲਕਿ ਆਪਸੀ ਤਾਲਮੇਲ ਦਾ ਹੈ।
ਗ੍ਰਹਿ ਸਕੱਤਰ ਨੇ ਕਿਹਾ - 10 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ, 40 ਰਾਸ਼ਨ ਡੀਲਰ ਗਿ੍ਰਫਤਾਰ
ਇਕ ਦਿਨ ਪਹਿਲਾਂ ਮੰਗਲਵਾਰ ਨੂੰ ਰਾਜ ਦੇ ਗ੍ਰਹਿ ਸਕੱਤਰ ਅਲਾਪਨ ਬੰਧੋਪਾਧਿਆਏ ਨੇ ਪੀ. ਡੀ. ਐਸ. ਸਿਸਟਮ ਵਿਚ ਭਿ੍ਰਸ਼ਟਾਚਾਰ ਦੇ ਦੋਸ਼ਾਂ ਨੂੰ ਪੂਰਾ ਤਰ੍ਹਾਂ ਖਾਰਿਜ਼ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਲਾਕਡਾਊਨ ਦੌਰਾਨ ਬੰਗਾਲ ਵਿਚ 10 ਕਰੋੜ ਲੋਕਾਂ ਨੂੰ ਮੁਫਤ ਵਿਚ ਰਾਸ਼ਨ ਪ੍ਰਦਾਨ ਕੀਤਾ ਗਿਆ ਹੈ। ਰਾਸ਼ਨ ਦੀ ਵੰਡ ਵਿਚ ਗੜਬੜੀ ਦੌਰਾਨ 40 ਰਾਸ਼ਨ ਡੀਲਰਾਂ ਨੂੰ ਹੁਣ ਤੱਕ ਗਿ੍ਰਫਤਾਰ ਕੀਤਾ ਗਿਆ ਹੈ। ਕਈ ਡੀਲਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।