ਪਾਕਿਸਤਾਨ-ਚੀਨ ਦੀਆਂ ਸਰਹੱਦਾਂ ''ਤੇ ਪਹਿਰਾ ਹੋਵੇਗਾ ਸਖਤ
Monday, Jan 15, 2018 - 12:54 AM (IST)

ਨਵੀਂ ਦਿੱਲੀ— ਸਰਕਾਰ ਪਾਕਿਸਤਾਨ, ਬਲੋਚਿਸਤਾਨ ਅਤੇ ਚੀਨ ਨਾਲ ਲਗਦੇ ਜੰਗੀ ਮਹੱਤਵ ਵਾਲੀਆਂ ਸਰਹੱਦਾਂ 'ਤੇ ਸੁਰੱਖਿਆ ਮਜ਼ਬੂਤ ਕਰਨ ਲਈ ਚੌਕਸੀ ਕਰ ਰਹੇ ਅਹਿਮ ਬਲਾਂ (ਬੀ. ਐੱਸ. ਐੱਫ. ਤੇ ਆਈ. ਟੀ. ਬੀ. ਪੀ.) 'ਚ 15 ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀਆਂ 6 ਅਤੇ ਆਈ. ਟੀ. ਬੀ. ਪੀ. ਦੀਆਂ 15 ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰਨ 'ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਬਲਾਂ ਦੀ ਹਰੇਕ ਬਟਾਲੀਅਨ ਵਿਚ ਲਗਭਗ ਇਕ ਹਜ਼ਾਰ ਆਪਰੇਸ਼ਨਲ ਜਵਾਨ ਅਤੇ ਅਧਿਕਾਰੀ ਹੁੰਦੇ ਹਨ। ਬੀ. ਐੱਸ. ਐੱਫ. ਵਿਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਦਲ ਦੀ ਯੋਜਨਾ ਨਵੀਂ ਇਕਾਈ ਨੂੰ ਮਨਜ਼ੂਰੀ ਦੇ ਕੇ ਮਨੁੱਖੀ ਬਲ ਨੂੰ ਵਧਾਉਣਾ ਹੈ, ਤਾਂ ਕਿ ਉਨ੍ਹਾਂ ਨੂੰ ਬੰਗਲਾਦੇਸ਼ ਨਾਲ ਲਗਦੀ ਦੇਸ਼ ਦੀ ਸਰਹੱਦ 'ਤੇ ਅਸਾਮ ਅਤੇ ਪੱਛਮੀ ਬੰਗਾਲ ਵਿਚ ਤਾਇਨਾਤ ਕੀਤਾ ਜਾ ਸਕੇ।
ਉਧਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਖਾਸ ਤੌਰ 'ਤੇ ਪੰਜਾਬ ਅਤੇ ਜੰਮੂ ਦੇ ਇਲਾਕਿਆਂ ਵਿਚ ਸਰਹੱਦ ਦੀ ਅਸਰਦਾਇਕ ਢੰਗ ਨਾਲ ਪਹਿਰੇਦਾਰੀ ਕਰਨ ਲਈ ਵੀ ਮੁਲਾਜ਼ਮਾਂ ਦੀ ਲੋੜ ਹੈ। ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੀਆਂ ਬਟਾਲੀਅਨਾਂ ਦੇ ਗਠਨ ਮਗਰੋਂ ਉਨ੍ਹਾਂ ਲਈ ਸਟੀਕ ਥਾਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਪਰ ਬੰਗਲਾਦੇਸ਼ ਅਤੇ ਪਾਕਿਸਤਾਨ ਨਾਲ ਲਗਦੇ ਕੁਝ ਇਲਾਕੇ ਪਹਿਲ ਵਜੋਂ ਰਹਿਣਗੇ ਕਿਉਂਕਿ ਉਹ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਮਨੁੱਖੀ ਸਮੱਗਲਿੰਗ ਅਤੇ ਨਾਜਾਇਜ਼ ਪ੍ਰਵਾਸ ਲਈ ਵਰਤੇ ਜਾ ਸਕਦੇ ਹਨ।
ਆਈ. ਟੀ. ਬੀ. ਪੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈ. ਟੀ. ਬੀ. ਪੀ. ਲਈ ਮੂਲ ਯੋਜਨਾ 12 ਨਵੀਆਂ ਬਟਾਲੀਅਨਾਂ ਖੜ੍ਹੀਆਂ ਕਰਨ ਦੀ ਹੈ ਪਰ ਬਲ ਨੂੰ ਨੇੜਲੇ ਭਵਿੱਖ ਵਿਚ ਅਜਿਹੀਆਂ 9 ਇਕਾਈਆਂ ਦੀ ਲੋੜ ਹੈ। ਅਸਲ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਚੀਨੀ ਫੌਜ ਨਾਲ ਅਕਸਰ ਹੋਣ ਵਾਲੀ ਤਕਰਾਰ ਨੂੰ ਆਈ. ਟੀ. ਬੀ. ਪੀ. ਦੀ ਗਿਣਤੀ ਵਧਾਉਣ ਦੇ ਮੁੱਖ ਕਾਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।