ਔਰਤ ਨੂੰ ਗੁੰਮਰਾਹ ਕਰ ਖੋਹੀਆਂ ਸੋਨੇ ਦੀਆਂ ਵਾਲੀਆਂ
Thursday, Oct 23, 2025 - 05:35 AM (IST)

ਜੈਤੋ (ਜਿੰਦਲ) - ਇਕ ਔਰਤ ਨੂੰ ਗੁਮਰਾਹ ਕਰਕੇ ਇਕ ਠੱਗ ਨੌਜਵਾਨ ਵਲੋਂ ਉਸ ਕੋਲੋਂ ਸੋਨੇ ਦੀਆਂ ਵਾਲੀਆਂ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਬੀਤੇ ਦਿਨ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਜਸਵਿੰਦਰ ਕੌਰ ਪਤਨੀ ਸਵ. ਅਮਰਜੀਤ ਸਿੰਘ ਸਾਗੂ ਵਾਸੀ ਭਗਤੂਆਣਾ, ਆਪਣੇ ਕਿਸੇ ਰਿਸ਼ਤੇਦਾਰੀ ’ਚ ਜਾ ਕੇ ਵਾਪਿਸ ਆਪਣੇ ਪਿੰਡ ਰਾਮੇਆਣਾ ਜਾਣ ਲਈ ਬੱਸ ਸਟੈਂਡ ਜੈਤੋ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ। ਇੱਕ ਮੋਟਰਸਾਈਕਲ ਸਵਾਰ ਨੌਜਵਾਨ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਮਾਤਾ ਮੈਂ ਤੁਹਾਨੂੰ ਪਿੰਡ ਭਗਤੂਆਣਾ ਛੱਡ ਦੇਵਾਂਗਾ, ਮੇਰੇ ਮੋਟਸਾਈਕਲ ’ਤੇ ਬੈਠ ਜਾਓ। ਔਰਤ ਨੂੰ ਆਪਣੇ ਪਿੱਛੇ ਬਿਠਾ ਕੇ ਨੌਜਵਾਨ ਚੱਲ ਪਿਆ।
ਉਪਰੋਕਤ ਜਾਣਕਾਰੀ ਦਿੰਦੇ ਹੋਏ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਜਦ ਉਸ ਨੇ ਆਪਣਾ ਮੋਟਰਸਾਈਕਲ ਚੈਨਾ ਫਾਟਕ ਤੋਂ ਮੁਕਤਸਰ ਰੋਡ ਵੱਲ ਮੋੜਿਆ ਤਾਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਠੱਗ ਉਸ ਨੂੰ ਡੇਲਿਆਂਵਾਲੀ ਪੁਲ ਤੋਂ ਖੇਤਾਂ ਵੱਲ ਲੈ ਗਿਆ। ਖੇਤਾਂ ਵਿੱਚ ਔਰਤ ਨੂੰ ਪਿਛੋਂ ਉਤਾਰ ਕੇ ਉਸ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਜੋ ਕਿ ਡੇਢ ਤੋਲੇ ਸੋਨੇ ਦੀਆਂ ਸਨ ਅਤੇ ਫ਼ਰਾਰ ਹੋ ਗਿਆ। ਕਿਸੇ ਰਾਹਗੀਰ ਨੇ ਇਸ ਔਰਤ ਨੂੰ ਜੈਤੋ ਲਿਆਂਦਾ। ਜਸਵਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਥਾਣਾ ਜੈਤੋ ਵਿਖੇ ਸ਼ਿਕਾਇਤ ਦਰਜ ਕਰਵਾਈ।