ਹੁਣ VIP ਸੁਰੱਖਿਆ ਤੋਂ ਹਟਣਗੇ NSG ਕਮਾਂਡੋ, CRPF ਸੰਭਾਲੇਗੀ ਕਮਾਨ

Wednesday, Oct 16, 2024 - 04:36 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਵੀ.ਆਈ.ਪੀ. ਸੁਰੱਖਿਆ ਤੋਂ ਅੱਤਵਾਦ ਵਿਰੋਧੀ ਕਮਾਂਡੋ ਫੋਰਸ ਐੱਨ.ਐੱਸ.ਜੀ. ਨੂੰ ਪੂਰੀ ਤਰ੍ਹਾਂ ਹਟਾਉਣ ਅਤੇ ਬੇਹੱਦ ਜ਼ੋਖ਼ਮ ਵਾਲੇ 9 ਬੇਹੱਦ ਮਹੱਤਵਪੂਰਨ ਲੋਕਾਂ (ਵੀ.ਆਈ.ਪੀ.) ਦੀ ਸੁਰੱਖਿਆ ਅਗਲੇ ਮਹੀਨੇ ਤੱਕ ਸੀ.ਆਰ.ਪੀ.ਐੱਫ. ਨੂੰ ਸੌਂਪਣ ਦਾ ਆਦੇਸ਼ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲਾ ਨੇ ਵਿਸ਼ੇਸ਼ ਰੂਪ ਨਾਲ ਸਿਖਲਾਈ ਪ੍ਰਾਪਤ ਜਵਾਨਾਂ ਦੀ ਇਕ ਨਵੀਂ ਬਟਾਲੀਅਨ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਵੀ.ਆਈ.ਪੀ. ਸੁਰੱਖਿਆ ਸੈੱਲ ਨਾਲ ਜੋੜਨ ਦੀ ਮਨਜ਼ੂਰੀ ਵੀ ਦਿੱਤੀ ਹੈ। ਇਸ ਬਟਾਲੀਅਨ ਨੂੰ ਹਾਲ 'ਚ ਸੰਸਦ ਸੁਰੱਖਿਆ ਤੋਂ ਹਟਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਦੇ 'ਬਲੈਕ ਕੈਟ' ਕਮਾਂਡੋ ਵਲੋਂ ਸੁਰੱਖਿਅਤ 'ਜ਼ੈੱਡ ਪਲੱਸ' ਸ਼੍ਰੇਣੀ ਦੇ 9 ਵੀ.ਆਈ.ਪੀ. ਲੋਕਾਂ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਡੈਮਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ, ਨੈਸ਼ਨਲ ਕਾਨਫਰੰਸ (ਨੈਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਹਨ, ਜਿਨ੍ਹਾਂ ਨੂੰ ਹੁਣ ਸੀ.ਆਰ.ਪੀ.ਐੱਫ. ਦਾ ਸੁਰੱਖਿਆ ਘੇਰਾ ਪ੍ਰਦਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਅਧੀਨ ਦੋਹਾਂ ਫ਼ੋਰਸਾਂ ਵਿਚਾਲੇ ਜ਼ਿੰਮੇਵਾਰੀਆਂ ਦਾ ਤਬਾਦਲਾ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀ.ਆਰ.ਪੀ.ਐੱਫ., ਜਿਸ 'ਚ 6 ਵੀਆਈਪੀ ਸੁਰੱਖਿਆ ਬਟਾਲੀਅਨ ਹਨ, ਨੂੰ ਇਸ ਕੰਮ ਲਈ ਇਕ ਹੋਰ ਸੱਤਵੀਂ ਬਟਾਲੀਅਨ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਨਵੀਂ ਬਟਾਲੀਅਨ ਉਹੀ ਹੋਵੇਗੀ ਜੋ ਕੁਝ ਮਹੀਨੇ ਪਹਿਲਾਂ ਤੱਕ ਸੰਸਦ ਦੀ ਸੁਰੱਖਿਆ 'ਚ ਲੱਗੀ ਸੀ। ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਸੰਸਦ ਦੀ ਸੁਰੱਖਿਆ 'ਚ ਕਮੀ ਸਾਹਮਣੇ ਆਉਣ ਤੋਂ ਬਾਅਦ ਸੰਸਦ ਦੀ ਸੁਰੱਖਿਆ ਸੀ.ਆਰ.ਪੀ.ਐੱਫ. ਤੋਂ ਸੀ.ਆਈ.ਐੱਸ.ਐੱਫ. ਨੂੰ ਸੌਂਪ ਦਿੱਤੀ ਗਈ ਸੀ। ਸੂਤਰਾਂ ਅਨੁਸਾਰ, ਨਵੀਂ ਜ਼ਿੰਮੇਵਾਰੀ ਸੰਭਾਲਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, ਆਂਧਰਾ ਪ੍ਰਦੇਸ਼ ਪੁਲਸ ਦੀ ਇਕ ਟੀਮ ਹਾਲ ਹੀ 'ਚ ਆਪਣੇ ਮੁੱਖ ਮੰਤਰੀ ਦੀ ਸੁਰੱਖਿਆ ਐੱਨਐੱਸਜੀ ਤੋਂ ਸੀ.ਆਰ.ਪੀ.ਐੱਫ 'ਚ ਤਬਦੀਲ ਕਰਨ ਦੇ ਮੱਦੇਨਜ਼ਰ ਦਿੱਲੀ 'ਚ ਸੀ। ਸੂਤਰਾਂ ਅਨੁਸਾਰ ਇਨ੍ਹਾਂ 9 ਵੀਆਈਪੀਜ਼ 'ਚੋਂ 2 ਨੂੰ ਸੀ.ਆਰ.ਪੀ.ਐੱਫ. ਵੱਲੋਂ ਦਿੱਤਾ ਗਿਆ ਐਡਵਾਂਸਡ ਸਕਿਓਰਿਟੀ ਸੰਪਰਕ (ਏਐੱਸਐੱਲ) ਪ੍ਰੋਟੋਕੋਲ ਵੀ ਦਿੱਤਾ ਜਾਵੇਗਾ। ਇਨ੍ਹਾਂ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਸ਼ਾਮਲ ਹਨ। ASL 'ਚ VIP ਦੇ ਆਉਣ ਵਾਲੇ ਦੌਰੇ ਦੇ ਸਥਾਨ ਦੀ ਪਹਿਲਾਂ ਤੋਂ ਜਾਂਚ ਕੀਤੀ ਜਾਂਦੀ ਹੈ। CRPF ਦੇਸ਼ ਦੇ 5 ਵੀਆਈਪੀਜ਼ ਲਈ ਅਜਿਹੇ ਪ੍ਰੋਟੋਕੋਲ ਦੀ ਪਾਲਣਾ ਕਰਦਾ ਹੈ, ਜਿਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗਾਂਧੀ ਪਰਿਵਾਰ ਦੇ ਤਿੰਨ ਕਾਂਗਰਸੀ ਆਗੂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News