ਚੈੱਕ ਗਣਰਾਜ ਦੀ ਜੇਲ੍ਹ 'ਚ ਬੰਦ ਨਿਖਿਲ ਗੁਪਤਾ ਦੇ ਸੰਪਰਕ 'ਚ ਭਾਰਤ ਸਰਕਾਰ

Friday, Dec 22, 2023 - 05:26 PM (IST)

ਨਵੀਂ ਦਿੱਲੀ- ਵੱਖਵਾਦੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ ਵਿਵਾਦਾਂ 'ਚ ਬਣਿਆ ਹੋਇਆ ਹੈ। ਇਸ ਮਾਮਲੇ ਦੀ ਸਾਜ਼ਿਸ਼ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦਾ ਨਾਂ ਸਾਹਮਣੇ ਆਇਆ ਸੀ। ਉਹ ਫ਼ਿਲਹਾਲ ਚੈੱਕ ਗਣਰਾਜ ਦੀ ਜੇਲ੍ਹ ਵਿਚ ਬੰਦ ਹੈ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਕ ਭਾਰਤੀ ਸਰਕਾਰੀ ਕਾਮੇ ਦੇ ਨਿਰਦੇਸ਼ 'ਤੇ ਨਿਖਿਲ ਨੇ ਅਮਰੀਕਾ ਵਿਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।

ਨਿਖਿਲ ਨੂੰ 30 ਜੂਨ ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਰਤੀ ਨਾਗਰਿਕ ਫ਼ਿਲਹਾਲ ਚੈੱਕ ਗਣਰਾਜ ਦੀ ਗ੍ਰਿਫ਼ਤ ਵਿਚ ਹੈ। ਉਸ ਦੀ ਹਵਾਲਗੀ ਦੀ ਪਟੀਸ਼ਨ ਫ਼ਿਲਹਾਲ ਪੈਂਡਿੰਗ ਹੈ। ਸਾਨੂੰ ਤਿੰਨ ਵਾਰ ਕੌਂਸਲਰ ਐਕਸੈੱਸ ਮਿਲਿਆ। ਅਸੀਂ ਉਸ ਨੂੰ ਜ਼ਰੂਰੀ ਡਿਪਲੋਮੈਟ ਸਹਿਯੋਗ ਦੇ ਰਹੇ ਹਾਂ। ਉਸ ਦੇ ਪਰਿਵਾਰ ਨੇ ਸੁਪਰੀਮ ਕੋਰਟ 'ਚ ਗੁਹਾਰ ਲਾਈ ਹੈ। 

 

ਕੀ ਹੁੰਦਾ ਹੈ ਕੌਂਸਲਰ ਐਕਸੈੱਸ?

ਕਿਸੇ ਦੇਸ਼ ਦਾ ਵਿਅਕਤੀ ਜੇਕਰ ਕਿਸੇ ਦੂਜੇ ਦੇਸ਼ ਦੀ ਜੇਲ੍ਹ 'ਚ ਬੰਦ ਹੈ ਤਾਂ ਕੌਂਸਲਰ ਐਕਸੈੱਸ ਤਹਿਤ ਦੇਸ਼ ਦੇ ਡਿਪਲੋਮੈਟ ਜਾਂ ਅਧਿਕਾਰੀ ਨੂੰ ਜੇਲ੍ਹ 'ਚ ਬੰਦ ਕਿਸੇ ਕੈਦੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਨਿਖਿਲ 'ਤੇ ਹੈ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼

ਦੱਸ ਦੇਈਏ ਕਿ 29 ਨਵੰਬਰ ਨੂੰ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਅਮਰੀਕੀ ਧਰਤੀ 'ਤੇ ਅੱਤਵਾਦੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਨਿਖਿਲ ਗੁਪਤਾ ਨੇ ਨਿਊਯਾਰਕ ਸਿਟੀ ਵਿਚ ਰਹਿਣ ਵਾਲੇ ਵੱਖਵਾਦੀ ਪੰਨੂ ਨੂੰ ਮਾਰਨ ਲਈ ਇਕ ਕਾਤਲ ਨੂੰ 100,000 ਅਮਰੀਕੀ ਡਾਲਰ ਦੇਣ ਦੀ ਸਹਿਮਤੀ ਦਿੱਤੀ ਸੀ।


Tanu

Content Editor

Related News