ਸਰਕਾਰ ਨੇ ਦੱਸਿਆ ਕਿਉਂ ਪਬਜੀ ਸਮੇਤ ਬੈਨ ਕੀਤੇ 118 ਮੋਬਾਈਲ ਐਪ
Thursday, Sep 03, 2020 - 04:18 AM (IST)
ਨਵੀਂ ਦਿੱਲੀ - ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ 118 ਮੋਬਾਈਲ ਐਪਾਂ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਤੋਂ ਸੁਰੱਖਿਆ, ਨਿਗਰਾਨੀ ਅਤੇ ਭਾਰਤੀ ਯੂਜਰਾਂ ਦੀਆਂ ਸੂਚਨਾਵਾਂ ਦੀ ਪ੍ਰਾਈਵੇਸੀ ਨਾਲ ਸਬੰਧਿਤ ਦਿੱਕਤਾਂ ਸਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਦੇਸ਼ਾਂ 'ਚੋਂ ਹੈ, ਜਿੱਥੇ ਮੋਬਾਈਲ ਐਪ ਸਭ ਤੋਂ ਜ਼ਿਆਦਾ ਡਾਉਨਲੋਡ ਕੀਤੇ ਜਾਂਦੇ ਹਨ। ਹੁਣ ਸਰਕਾਰ ਨੇ ‘ਮੇਡ ਇਨ ਇੰਡੀਆ’ ਐਪ 'ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਸਾਦ ਨੇ ਅਮਰੀਕਾ-ਭਾਰਤ ਰਣਨੀਤੀਕ ਭਾਗੀਦਾਰੀ ਫੋਰਮ ਦੀ ਇੱਕ ਵਰਚੁਅਲ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਅਸੀਂ ਅੱਜ ਅਜਿਹੇ ਹੋਰ 118 ਐਪ ਨੂੰ ਪਾਬੰਦੀਸ਼ੁਦਾ ਕਰ ਦਿੱਤਾ, ਜਿਨ੍ਹਾਂ ਨਾਲ ਸੁਰੱਖਿਆ, ਨਿਗਰਾਨੀ ਅਤੇ ਡਾਟਾ ਸਬੰਧੀ ਦਿੱਕਤਾਂ ਸਨ।’’ ਸਰਕਾਰ ਨੇ ਪ੍ਰਸਿੱਧ ਗੇਮਿੰਗ ਐਪ ਪਬਜੀ ਸਮੇਤ ਚੀਨੀ ਕੰਪਨੀਆਂ ਨਾਲ ਜੁੜੇ 118 ਹੋਰ ਮੋਬਾਈਲ ਐਪਾਂ 'ਤੇ ਬੁੱਧਵਾਰ ਨੂੰ ਪਾਬੰਦੀ ਲਗਾ ਦਿੱਤੀ। ਇਨ੍ਹਾਂ ਨੂੰ ਭਾਰਤ ਦੀ ਪ੍ਰਭੂਸੱਤਾ, ਅਖੰਡਤਾ, ਸੁਰੱਖਿਆ ਅਤੇ ਸ਼ਾਂਤੀ-ਵਿਵਸਥਾ ਲਈ ਖਤਰਨਾਕ ਮੰਨਦੇ ਹੋਏ ਇਸ 'ਤੇ ਪਾਬੰਦੀ ਲਗਾਈ ਗਈ ਹੈ। ਇਸ ਨਾਲ ਚੀਨੀ ਕੰਪਨੀਆਂ ਨਾਲ ਸਬੰਧਿਤ ਜਿਨ੍ਹਾਂ ਐਪਾਂ 'ਤੇ ਭਾਰਤ 'ਚ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੀ ਗਿਣਤੀ ਵਧ ਕੇ ਹੁਣ 224 ਹੋ ਗਈ ਹੈ।