ਸਰਕਾਰੀ ਬੱਸਾਂ ''ਚ ਲੱਗਣਗੇ ਵਿਸ਼ੇਸ਼ ਯੰਤਰ, ਚਾਲਕ ਨੂੰ ਨੀਂਦ ਆਉਣ ''ਤੇ ਕਰਨਗੇ ਅਲਰਟ

07/12/2019 3:13:25 PM

ਲਖਨਊ— ਉੱਤਰ ਪ੍ਰਦੇਸ਼ ਰਾਜ ਟਰਾਂਸਪੋਰਟ ਨਿਗਮ (ਰੋਡਵੇਜ਼) ਲੰਬੀ ਦੂਰੀ 'ਤੇ ਚੱਲਣ ਵਾਲੀਆਂ ਆਪਣੀਆਂ ਬੱਸਾਂ 'ਚ ਇਕ ਵਿਸ਼ੇਸ਼ ਸੈਂਸਰਯੁਕਤ ਯੰਤਰ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਚਾਲਕ ਨੂੰ ਨੀਂਦ ਆਉਣ 'ਤੇ ਉਸ ਨੂੰ ਅਲਰਟ ਕਰ ਦੇਵੇਗਾ। ਬੱਸ ਚਾਲਕ ਨੂੰ ਨੀਂਦ ਆਉਣ ਦੌਰਾਨ ਇਹ ਯੰਤਰ ਪਹਿਲਾਂ ਬੀਪ-ਬੀਪ ਅਲਾਰਮ ਦੀ ਆਵਾਜ਼ ਨਾਲ ਲਾਈਟ ਜਗਾ ਕੇ ਉਸ ਨੂੰ ਚਿਤਾਵਨੀ ਦੇਵੇਗਾ, ਬਾਅਦ 'ਚ ਬੱਸ ਦੀ ਰਫ਼ਤਾਰ ਹੌਲੀ-ਹੌਲੀ ਘੱਟ ਕਰ ਕੇ ਉਸ 'ਚ ਆਟੋਮੈਟਿਕ ਬਰੇਕ ਲੱਗਾ ਦੇਵੇਗਾ। ਹਾਲ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਇਕ ਸਰਕਾਰੀ ਰੋਡਵੇਜ਼ ਬੱਸ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਨਾਲ 29 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਜਾਂਚ 'ਚ ਇਹ ਪਤਾ ਲੱਗਾ ਸੀ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ ਸੀ। 

40 ਹਜ਼ਾਰ ਹੈ ਇਕ ਯੰਤਰ ਦੀ ਕੀਮਤ
ਭਾਰਤ 'ਚ ਪੁਣੇ ਦੀ ਇਕ ਕੰਪਨੀ ਇਜ਼ਰਾਈਲ ਦੀ ਤਕਨੀਕ ਨਾਲ ਬਣਿਆ ਇਹ ਯੰਤਰ ਬਣਾ ਰਹੀ ਹੈ ਅਤੇ ਇਕ ਯੰਤਰ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਹੈ। ਉੱਤਰ ਪ੍ਰਦੇਸ਼ 'ਚ ਰੋਡਵੇਜ਼ 4 ਬੱਸਾਂ 'ਚ ਇਹ ਯੰਤਰ ਲਗਾ ਕੇ ਉਸ ਦਾ ਸਫ਼ਲ ਪ੍ਰੀਖਣ ਕਰ ਚੁਕਿਆ ਹੈ। ਹੁਣ ਇਸ ਸੰਬੰਧੀ ਪ੍ਰਸਤਾਵ ਰੋਡਵੇਜ਼ ਦੇ ਪ੍ਰਬੰਧ ਨਿਰਦੇਸ਼ਕ ਨੂੰ ਭੇਜਿਆ ਗਿਆ ਹੈ। ਉੱਥੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੂੰ ਲੰਬੀ ਦੂਰੀ ਦੀਆਂ ਸਰਕਾਰੀ ਬੱਸਾਂ 'ਚ ਲਗਾਇਆ ਜਾਵੇਗਾ।

ਪ੍ਰੀਖਣ ਲਈ ਮੰਗਵਾਏ 4 ਯੰਤਰ
ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਦੇ ਖੇਤਰੀ ਪ੍ਰਬੰਧਕ ਪਲੱਵ ਬੋਸ ਨੇ ਸ਼ੁੱਕਰਵਾਰ ਨੂੰ ਦੱਸਿਆ,''ਇਜ਼ਰਾਈਲ ਦੀ ਤਕਨੀਕ ਨਾਲ ਬਣਿਆ ਇਹ ਯੰਤਰ ਭਾਰਤ ਦੇ ਪੁਣੇ 'ਚ ਬਣਾਇਆ ਗਿਆ ਹੈ। ਰੋਡਵੇਜ਼ ਨੇ ਕੁਝ ਮਹੀਨੇ ਪਹਿਲਾਂ ਪ੍ਰੀਖਣ ਲਈ ਇਹ 4 ਯੰਤਰ ਮੰਗਵਾਏ ਸਨ। ਇਨ੍ਹਾਂ 'ਚੋਂ 2 ਯੰਤਰ ਲਖਨਊ ਨੇਪਾਲ ਗੰਜ ਬੱਸਾਂ ਅਤੇ 2 ਲਖਨਊ ਗੋਰਖਪੁਰ ਦੀਆਂ ਬੱਸਾਂ 'ਚ ਲਗਾਏ ਗਏ ਸਨ, ਜੋ ਪ੍ਰੀਖਣ 'ਚ ਪੂਰੀ ਤਰ੍ਹਾਂ ਸਫ਼ਲ ਸਾਬਤ ਹੋਏ। ਇਸ ਯੰਤਰ ਦਾ ਪ੍ਰਦਰਸ਼ਨ ਹਾਲ 'ਚ ਉੱਤਰ ਪ੍ਰਦੇਸ਼ ਰੋਡਵੇਜ਼ ਨਿਰਦੇਸ਼ਕ ਧੀਰੇਂਦਰ ਸਾਹੂ ਦੇ ਸਾਹਮਣੇ ਕੀਤਾ ਗਿਆ ਸੀ ਅਤੇ ਉਹ ਇਸ ਤੋਂ ਸੰਤੁਸ਼ਟ ਹੋਏ। ਹੁਣ ਇਸ ਯੰਤਰ ਨੂੰ ਖਰੀਦਣ ਦਾ ਪ੍ਰਸਤਾਵ ਸ਼ਾਸਨ ਨੂੰ ਭੇਜਿਆ ਜਾਵੇਗਾ।''

ਓਵਰਟੇਕ ਕਰਨ 'ਤੇ ਹੀ ਕਰੇਗਾ ਅਲਰਟ
ਉਨ੍ਹਾਂ ਨੇ ਦੱਸਿਆ ਕਿ ਇਹ ਸੈਂਸਰਯੁਕਤ ਯੰਤਰ ਬੱਸਾਂ 'ਚ ਚਾਲਕ ਦੇ ਸਾਹਮਣੇ ਦੇ ਡੈਸ਼ ਬੋਰਡ 'ਚ ਲਿਆਏ ਜਾਣਗੇ। ਨੀਂਦ ਆਉਣ ਕਾਰਨ ਜਿਵੇਂ ਹੀ ਚਾਲਕ ਦੀ ਪਕੜ ਬੱਸ ਦੇ ਸਟੇਅਰਿੰਗ 'ਤੇ ਢਿੱਲੀ ਹੋਵੇਗੀ, ਇਹ ਯੰਤਰ ਪਹਿਲਾਂ ਬੀਪ-ਬੀਪ ਦੀ ਆਵਾਜ਼ ਅਤੇ ਲਾਲ ਬੱਤੀ ਨਾਲ ਉਸ ਨੂੰ ਚਿਤਾਵਨੀ ਦੇਵੇਗਾ। ਜੇਕਰ ਇਸ ਤੋਂ ਬਾਅਦ ਵੀ ਚਾਲਕ ਦੀ ਪਕੜ ਸਟੇਅਰਿੰਗ 'ਤੇ ਢਿੱਲੀ ਰਹੀ ਤਾਂ ਇਹ ਯੰਤਰ ਹੌਲੀ-ਹੌਲੀ ਬੱਸ 'ਚ ਬਰੇਕ ਲੱਗਾ ਦੇਵੇਗਾ। ਬੋਸ ਨੇ ਕਿਹਾ ਕਿ ਇਹ ਯੰਤਰ ਚਾਲਕ ਦੇ ਸਾਹਮਣੇ ਡੈਸ਼ਬੋਰਡ 'ਤੇ ਲੱਗੇਗਾ ਅਤੇ ਸਾਹਮਣੇ ਸੜਕ ਅਤੇ ਡਰਾਈਵਰ ਦੋਹਾਂ 'ਤੇ ਨਜ਼ਰ ਰੱਖੇਗਾ। ਚਾਲਕ ਨੂੰ ਨੀਂਦ ਆਉਣ ਤੋਂ ਇਲਾਵਾ ਇਹ ਤੇਜ਼ ਰਫ਼ਤਾਰ ਨਾਲ ਜ਼ਬਰਨ ਓਵਰਟੇਕ ਕਰਨ 'ਤੇ ਵੀ ਚਾਲਕ ਨੂੰ ਅਲਰਟ ਕਰੇਗਾ।


DIsha

Content Editor

Related News