ਬਿਹਾਰ: ਪਟੜੀ ਤੋਂ ਉਤਰੀ ਗੋਰਖਪੁਰ-ਕੋਲਕਾਤਾ ਪੂਜਾ ਸਪੈਸ਼ਲ ਟ੍ਰੇਨ, ਹੈਲਪਲਾਈਨ ਨੰਬਰ ਜਾਰੀ

10/20/2020 8:30:54 PM

ਪਟਨਾ - ਬਿਹਾਰ ਦੇ ਸੋਨਪੁਰ ਡਿਵੀਜ਼ਨ ਦੇ ਸਮਸਤੀਪੁਰ-ਮੁਜ਼ੱਫਰਪੁਰ ਰੇਲਖੰਡ ਦੇ ਸਿਹੋ ਅਤੇ ਸਿਲੌਤ ਵਿਚਾਲੇ ਰੇਲ ਹਾਦਸਾ ਵਾਪਰਿਆ। ਰੇਲਵੇ ਦੀ ਪੂਜਾ ਸਪੇਸ਼ਲ ਟ੍ਰੇਨ (05048) ਦੀਆਂ ਦੋ ਬੋਗੀਆਂ ਅੱਜ (ਮੰਗਲਵਾਰ) ਦੇਰ ਸ਼ਾਮ ਪਟੜੀ ਤੋਂ ਉਤਰ ਗਈਆਂ ਹਨ। ਸਮਸਤੀਪੁਰ ਰੇਲ ਮੰਡਲ ਦੇ ਡੀ.ਸੀ.ਐੱਮ. ਪ੍ਰਸੰਨ ਕੁਮਾਰ ਨੇ ਦੱਸਿਆ ਕਿ ਇਸ ਰੇਲ ਹਾਦਸੇ 'ਚ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਸਮਸਤੀਪੁਰ-ਮੁਜ਼ੱਫਰਪੁਰ ਰੇਲਵੇ ਬਲਾਕ 'ਤੇ ਟਰੇਨਾਂ ਦਾ ਸੰਚਾਲਨ ਠੱਪ ਹੋ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮ ਨੂੰ ਹਾਦਸੇ ਵਾਲੀ ਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਅੱਜ ਯਾਨੀ 20 ਅਕਤੂਬਰ ਤੋਂ ਹੀ ਇਹ ਪੂਜਾ ਸਪੈਸ਼ਲ ਟ੍ਰੇਨ (05048) ਗੋਰਖਪੁਰ ਤੋਂ ਕੋਲਕਾਤਾ ਲਈ ਜਾ ਰਹੀ ਸੀ। ਯਾਤਰਾ ਦੌਰਾਨ ਸਿਹੋ ਅਤੇ ਸਿਲੌਤ ਸਟੇਸ਼ਨ ਵਿਚਾਲੇ ਟ੍ਰੇਨ ਦੀਆਂ ਦੋ ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ।

ਦੱਸਿਆ ਜਾਂਦਾ ਹੈ ਕਿ ਟ੍ਰੇਨ ਸ਼ਾਮ 5:20 ਵਜੇ ਦੇ ਕਰੀਬ ਜਦੋਂ ਮੁਜ਼ੱਫਰਪੁਰ ਤੋਂ ਸਮਸਤੀਪੁਰ ਵੱਲ ਜਾ ਰਹੀ ਸੀ ਉਦੋਂ ਇਹ ਹਾਦਸਾ ਵਾਪਰਿਆ ਹੈ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਟੜੀ ਤੋਂ ਉਤਰਨ ਦੌਰਾਨ ਬੋਗੀਆਂ 'ਚ ਲੱਗੇ ਝਟਕੇ ਕਾਰਨ ਕੁੱਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਇਸ ਦੌਰਾਨ ਸਮਸਤੀਪੁਰ ਰੇਲਵੇ ਬਲਾਕ ਨੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਹੈ। ਸਮਸਤੀਪੁਰ ਰੇਲ ਮੰਡਲ ਮੁਤਾਬਕ ਪਟੜੀ ਤੋਂ ਉਤਰੀ ਪੂਜਾ ਸਪੈਸ਼ਲ ਟ੍ਰੇਨ ਨੰਬਰ 05048 ਨਾਲ ਸਬੰਧਿਤ ਜਾਣਕਾਰੀ ਲਈ 06274232227 ਹੈਲਪਲਾਈਨ ਨੰਬਰ 'ਤੇ ਕਾਲ ਕੀਤਾ ਜਾ ਸਕਦਾ ਹੈ।


Inder Prajapati

Content Editor

Related News