ਗੂਗਲ ''ਤੇ ਵਿਗਿਆਪਨ ਦੇਣ ਦੇ ਮਾਮਲੇ ''ਚ ਭਾਜਪਾ ਸਭ ਤੋਂ ਅੱਗੇ

Thursday, Apr 04, 2019 - 02:26 PM (IST)

ਗੂਗਲ ''ਤੇ ਵਿਗਿਆਪਨ ਦੇਣ ਦੇ ਮਾਮਲੇ ''ਚ ਭਾਜਪਾ ਸਭ ਤੋਂ ਅੱਗੇ

ਨਵੀਂ ਦਿੱਲੀ— ਗੂਗਲ 'ਚ ਵਿਗਿਆਪਨਾਂ 'ਤੇ ਖਰਚ ਕਰਨ ਦੇ ਮਾਮਲੇ 'ਚ ਭਾਜਪਾ ਨੇ ਸਾਰੇ ਸਿਆਸੀ ਦਲਾਂ ਨੂੰ ਪਿੱਛੇ ਛੱਡ ਦਿੱਤਾ ਹੈ, ਉੱਥੇ ਹੀ ਵਿਗਿਆਪਨਾਂ 'ਤੇ ਖਰਚ ਕਰਨ ਦੇ ਮਾਮਲੇ 'ਚ ਕਾਂਗਰਸ 6ਵੇਂ ਨੰਬਰ 'ਤੇ ਹੈ। ਭਾਰਤੀ ਪਾਰਦਰਸ਼ਤਾ ਰਿਪੋਰਟ ਅਨੁਸਾਰ ਸਿਆਸੀ ਦਲਾਂ ਅਤੇ ਉਨ੍ਹਾਂ ਨਾਲ ਸੰਬੰਧਤ ਘਟਕਾਂ ਨੇ ਫਰਵਰੀ 2019 ਤੱਕ ਵਿਗਿਆਪਨਾਂ 'ਤੇ 3.76 ਕਰੋੜ ਰੁਪਏ ਖਰਚ ਕੀਤੇ ਹਨ। ਭਾਰਤੀ ਜਨਤਾ ਪਾਰਟੀ ਵਿਗਿਆਪਨਾਂ 'ਤੇ 1.21 ਕਰੋੜ ਰੁਪਏ ਖਰਚ ਕਰਨ ਦੇ ਨਾਲ ਹੀ ਇਸ ਸੂਚੀ 'ਤੇ ਪਹਿਲੇ ਨੰਬਰ 'ਤੇ ਹੈ, ਜੋ ਕਿ ਗੂਗਲ 'ਤੇ ਕੁੱਲ ਵਿਗਿਆਪਨ ਖਰਚਾਂ ਦਾ ਲਗਭਗ 32 ਫੀਸਦੀ ਹੈ। ਪ੍ਰਮੁੱਖ ਵਿਰੋਧੀ ਦਲ ਕਾਂਗਰਸ ਇਸ ਸੂਚੀ 'ਚ 6ਵੇਂ ਨੰਬਰ 'ਤੇ ਹੈ, ਜਿਸ ਨੇ ਵਿਗਿਆਪਨਾਂ 'ਤੇ 54,100 ਰੁਪਏ ਖਰਚ ਕੀਤੇ ਹਨ।

ਰਿਪੋਰਟ ਅਨੁਸਾਰ ਭਾਜਪਾ ਤੋਂ ਬਾਅਦ ਇਸ ਸੂਚੀ 'ਚ ਆਂਧਰਾ ਪ੍ਰਦੇਸ਼ ਦੀ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈ.ਐੱਸ.ਆਰ. ਕਾਂਗਰਸ ਪਾਰਟੀ ਹੈ, ਜਿਸ ਨੇ ਵਿਗਿਆਪਨਾਂ 'ਤੇ ਕੁੱਲ 1.04 ਕਰੋੜ ਰੁਪਏ ਖਰਚ ਕੀਤੇ ਹਨ। 'ਪੰਮੀ ਸਾਈ ਚਰਨ ਰੈੱਡੀ' (ਪ੍ਰਚਾਰਕ) ਨੇ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ 26,400 ਰੁਪਏ ਖਰਚ ਕੀਤੇ ਹਨ। ਗੂਗਲ ਨੇ ਆਪਣੀ ਵਿਗਿਆਪਨ ਨੀਤੀ ਦੀ ਉਲੰਘਣ ਕਾਰਨ 11 'ਚੋਂ 4 ਸਿਆਸੀ ਵਿਗਿਆਪਨਦਾਤਾਵਾਂ ਦੇ ਵਿਗਿਆਪਨ ਬਲਾਕ ਕਰ ਦਿੱਤੇ ਹਨ।


Related News