ਗੋਡਸੇ ਮੰਦਰ ਮਾਮਲਾ: ਪੀ.ਐੱਮ. ਮੋਦੀ ''ਤੇ ਭੜਕੇ ਕੁਮਾਰ ਵਿਸ਼ਵਾਸ
Thursday, Nov 16, 2017 - 05:56 PM (IST)
ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਮੂਰਤੀ ਸਥਾਪਤ ਕਰ ਕੇ ਸਿਆਸੀ ਬਵਾਲ ਖੜ੍ਹਾ ਕਰ ਦਿੱਤਾ ਹੈ। ਇਸ ਮਾਮਲੇ 'ਤੇ ਜਿੱਥੇ ਸਰਕਾਰ ਚੁੱਪੀ ਸਾਧੇ ਹੋਏ ਹੈ, ਉੱਥੇ ਹੀ ਕਾਂਗਰਸ ਹਮਲਾਵਰ ਹੋ ਗਈ ਹੈ। ਰਾਜਧਾਨੀ 'ਚ ਜ਼ਿਲਾ ਕਾਂਗਰਸ ਨੇ ਪ੍ਰਦਰਸ਼ਨ ਕਰਦੇ ਹੋਏ ਮੰਦਰ ਸਥਾਪਤ ਕਰਨ ਵਾਲਿਆਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਭੜਾਸ ਕੱਢੀ।
ਵਿਸ਼ਵਾਸ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਲਿਖਿਆ ਕਿ ਹੈਰਾਨੀ ਹੈ ਕਿ ਇਕ ਪਾਸ ਪੀ.ਐੱਮ. ਆਪਣੇ ਹਰ ਭਾਸ਼ਣ 'ਚ 20 ਵਾਰ 'ਪੂਜਯ ਬਾਪੂ' ਰਟਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਹੀ ਸਰਕਾਰ 'ਚ ਬਾਪੂ ਕਾਤਲਾਂ ਦੇ ਮੰਦਰ ਬਣ ਜਾਂਦੇ ਹਨ, ਈਸ਼ਵਰ ਦੇ ਅਧੀਨ ਇਕ ਕਾਤਲ ਦਾ ਮੰਦਰ ਬਣਨ 'ਤੇ ਭਾਵਨਾਵਾਂ ਦੁਖੀ ਨਹੀਂ ਹੋਣਗੀਆਂ? ਦਰਅਸਲ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਹਿੰਦੂ ਮਹਾਸਭਾ ਦੇ ਵਰਕਰਾਂ ਨੇ ਆਪਣੇ ਦਫ਼ਤਰ 'ਚ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨਾਥੂਰਾਮ ਗੋਡਸੇ ਦੀ ਮੂਰਤੀ ਸਥਾਪਤ ਕੀਤੀ।
ਜਾਣਕਾਰੀ ਅਨੁਸਾਰ ਹਿੰਦੂ ਮਹਾਸਭਾ ਦੀ ਜ਼ਿਲਾ ਇਕਾਈ ਨੇ ਜ਼ਿਲਾ ਪ੍ਰਸ਼ਾਸਨ ਤੋਂ ਨਾਥੂਰਾਮ ਗੋਡਸੇ ਦਾ ਮੰਦਰ ਬਣਾਉਣ ਲਈ ਮਨਜ਼ੂਰੀ ਅਤੇ ਜ਼ਮੀਨ ਮੰਗੀ ਸੀ। ਪ੍ਰਸ਼ਾਸਨ ਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਿਲਾ ਪ੍ਰਧਾਨ ਡਾ. ਜੈਵੀਰ ਭਾਰਦਵਾਜ ਨੇ ਬੁੱਧਵਾਰ ਨੂੰ ਦੌਲਤਗੰਜ ਸਥਿਤ ਹਿੰਦੂ ਮਹਾਸਭਾ ਦੇ ਦਫ਼ਤਰ 'ਚ ਹੀ ਨਾਥੂਰਾਮ ਗੋਡਸੇ ਦੀ ਮੂਰਤੀ ਸਥਾਪਤ ਕਰ ਲਈ। ਇਸ ਤਰ੍ਹਾਂ ਗੋਡਸੇ ਦੀ ਮੂਰਤੀ ਲਗਾ ਕੇ ਪੂਜਾ ਕਰਨ ਨਾਲ ਵਿਵਾਦ ਵਧ ਗਿਆ ਹੈ।
