ਗੋਆ ਸਰਕਾਰ ਨੇ 7 ਜੂਨ ਤੱਕ ਵਧਾਇਆ ‘ਕੋਰੋਨਾ ਕਰਫਿਊ’
Saturday, May 29, 2021 - 05:35 PM (IST)
ਪਣਜੀ (ਭਾਸ਼ਾ)— ਗੋਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ ਸਰਕਾਰ ਨੇ ਕੋਰੋਨਾ ਕਰਫਿਊ ਨੂੰ ਇਕ ਹਫ਼ਤੇ ਲਈ 7 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇਸ ਸਬੰਧ ਵਿਚ ਫ਼ੈਸਲਾ ਲਿਆ। ਮੌਜੂਦਾ ਕੋਰੋਨਾ ਕਰਫਿਊ 31 ਮਈ ਨੂੰ ਖ਼ਤਮ ਹੋ ਰਿਹਾ ਸੀ। ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਕੋਰੋਨਾ ਕਰਫਿਊ ਨੂੰ ਅੱਗੇ ਵਧਾਏ ਜਾਣ ਦੇ ਸਬੰਧ ਵਿਚ ਦੱਖਣੀ ਗੋਆ ਅਤੇ ਉੱਤਰੀ ਗੋਆ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਰਸਮੀ ਆਦੇਸ਼ ਜਾਰੀ ਕੀਤੇ ਜਾਣਗੇ।
ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਕਿਹਾ ਕਿ ਗੋਆ ਸਰਕਾਰ ਨੇ ਕੋਰੋਨਾ ਕਰਫਿਊ ਨੂੰ 7 ਜੂਨ ਦੀ ਸਵੇਰੇ 7 ਵਜੇ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧ ਵਿਚ ਵੱਖ-ਵੱਖ ਜ਼ਿਲ੍ਹਾ ਅਧਿਕਾਰੀ ਰਸਮੀ ਆਦੇਸ਼ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ ਗੋਆ ’ਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਕਾਰਨ 9 ਮਈ ਨੂੰ ਕੋਰੋਨਾ ਕਰਫਿਊ ਲਾਗੂ ਕੀਤਾ ਸੀ, ਜਿਸ ਦਾ ਸਮਾਂ ਪਹਿਲਾਂ 24 ਮਈ ਅਤੇ ਫਿਰ 31 ਮਈ ਤੱਕ ਵਧਾਇਆ ਗਿਆ ਸੀ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਦਰ ਘੱਟ ਕੇ 21 ਫ਼ੀਸਦੀ ਹੋ ਗਈ। ਇਸ ਨੂੰ ਹੋਰ ਘੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਕਰਫਿਊ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।