ਚੁਣਾਵੀ ਜਿੱਤ ਮਗਰੋਂ ਗੋਆ ਸਰਕਾਰ ਨੇ ਹਰ ਪਰਿਵਾਰ ਨੂੰ 3 LPG ਸਿਲੰਡਰ ਮੁਫ਼ਤ ਦੇਣ ਦਾ ਕੀਤਾ ਫ਼ੈਸਲਾ

03/29/2022 11:05:01 AM

ਪਣਜੀ (ਭਾਸ਼)– ਗੋਆ ਸਰਕਾਰ ਨੇ ਆਪਣੇ ਚੁਣਾਵੀ ਮੈਨੀਫੈਸਟੋ ’ਚ ਕੀਤਾ ਵਾਅਦਾ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਸੂਬੇ ਦੇ ਹਰ ਪਰਿਵਾਰ ਨੂੰ 3 ਰਸੋਈ ਗੈਸ ਸਿਲੰਡਰ ਮੁਫ਼ਤ ਦੇਵੇਗੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੋਮਵਾਰ ਨੂੰ ਨਵੀਂ ਕੈਬਨਿਟ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਨ ਮਗਰੋਂ ਇਹ ਐਲਾਨ ਕੀਤਾ। ਦੱਸ ਦੇਈਏ ਕਿ ਸੋਮਵਾਰ ਨੂੰ ਪ੍ਰਮੋਦ ਸਾਵੰਤ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਉਨ੍ਹਾਂ ਨਾਲ 8 ਹੋਰ ਮੰਤਰੀਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਓਧਰ ਸਾਵੰਤ ਨੇ ਸੋਮਵਾਰ ਸ਼ਾਮ ਟਵੀਟ ਕਰ ਕੇ ਕਿਹਾ, ‘‘ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ। ਕੈਬਨਿਟ ਨੇ ਨਵੇਂ ਵਿੱਤੀ ਸਾਲ ਤੋਂ ਭਾਜਪਾ ਦੇ ਮੈਨੀਫੈਸਟੋ ’ਚ ਕੀਤੇ ਗਏ ਵਾਅਦੇ ਮੁਤਾਬਕ 3 ਸਿਲੰਡਰ ਮੁਫ਼ਤ ਦੇਣ ਦੀ ਯੋਜਨਾ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ।’’ 

ਦੱਸ ਦੇਈਏ ਕਿ ਪਿਛਲੇ ਮਹੀਨੇ ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣੇ ਮੈਨੀਫੈਸਟੋ ’ਚ ਵਾਅਦਾ ਕੀਤਾ ਸੀ ਕਿ ਜੇਕਰ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਹਰ ਸਾਲ 3 ਐੱਲ. ਜੀ. ਪੀ. ਸਿਲੰਡਰ ਮੁਫ਼ਤ ’ਚ ਮਿਲਣਗੇ। ਸਾਵੰਤ ਨੇ 2019 ’ਚ ਉਸ ਵੇਲੇ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਦਿਹਾਂਤ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਹੁਣ ਉਹ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਹਨ। ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੇ 40 ਮੈਂਬਰੀ ਸਦਨ ’ਚ 20 ਸੀਟਾਂ ਜਿੱਤੀਆਂ। ਭਾਜਪਾ ਨੇ ਇਹ ਚੋਣਾਂ ਪ੍ਰਮੋਦ ਸਾਵੰਤ ਦੀ ਅਗਵਾਈ ’ਚ ਲੜੀਆਂ ਸਨ।


Tanu

Content Editor

Related News