ਪੈਟਰੋਲ ’ਚ 20 ਫੀਸਦੀ ਈਥੇਨਾਲ ਦੀ ਮਿਲਾਵਟ ਲਈ ‘ਗਲੋਬਲ ਬਾਇਓਫਿਊਲ ਅਲਾਇੰਸ’ ਦਾ ਐਲਾਨ

Sunday, Sep 10, 2023 - 01:52 PM (IST)

ਨਵੀਂ ਦਿੱਲੀ, (ਏਜੰਸੀਆਂ)- ਭਾਰਤ ਨੇ ਸ਼ਨੀਵਾਰ ਨੂੰ ‘ਗਲੋਬਲ ਬਾਇਓਫਿਊਲ ਅਲਾਇੰਸ’ ਦਾ ਐਲਾਨ ਕੀਤਾ ਅਤੇ ਜੀ-20 ਦੇਸ਼ਾਂ ਨੂੰ ਪੈਟਰੋਲ ’ਚ ਈਥੇਨਾਲ ਦੇ ਮਿਸ਼ਰਣ ਨੂੰ ਵਿਸ਼ਵ ਪੱਧਰ ’ਤੇ 20 ਫੀਸਦੀ ਤੱਕ ਵਧਾਉਣ ਦੀ ਪਹਿਲਕਦਮੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਗੱਠਜੋੜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੌਰਾਨ ਕੀਤਾ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਸਮੇਤ ਕਈ ਗਲੋਬਲ ਨੇਤਾ ਮੌਜੂਦ ਸਨ।

ਗੱਠਜੋੜ ਦੀ ਸ਼ੁਰੂਆਤ ਕਰਨ ਵਾਲੇ ਦੇਸ਼ਾਂ ’ਚ ਭਾਰਤ, ਅਰਜਨਟੀਨਾ, ਬੰਗਲਾਦੇਸ਼, ਬ੍ਰਾਜ਼ੀਲ, ਇਟਲੀ, ਮਾਰੀਸ਼ਸ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਸ਼ਾਮਲ ਹਨ। ਕੈਨੇਡਾ ਅਤੇ ਸਿੰਗਾਪੁਰ ਨਿਰੀਖਕ ਦੇਸ਼ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਨੇਤਾਵਾਂ ਨੂੰ ‘ਗ੍ਰੀਨ ਕ੍ਰੈਡਿਟ’ ਪਹਿਲ ’ਤੇ ਕੰਮ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਦਲਵੇਂ ਤੌਰ ’ਤੇ ਅਸੀਂ ਵਿਆਪਕ ਗਲੋਬਲ ਕਲਿਆਣ ਲਈ ਇਕ ਹੋਰ ਮਿਸ਼ਰਣ ਪਹਿਲਕਦਮੀ ’ਤੇ ਕੰਮ ਕਰ ਸਕਦੇ ਹਾਂ ਜੋ ਟਿਕਾਊ ਊਰਜਾ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਇਹ ਜਲਵਾਯੂ ਸੁਰੱਖਿਆ ’ਚ ਵੀ ਮਦਦਗਾਰ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਚੁਣੌਤੀ ਦੇ ਮੱਦੇਨਜ਼ਰ ਊਰਜਾ ਪਰਿਵਰਤਨ 21ਵੀਂ ਸਦੀ ਦੇ ਵਿਸ਼ਵ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਵੇਸ਼ੀ ਊਰਜਾ ਪਰਿਵਰਤਨ ਲਈ ਖਰਬਾਂ ਡਾਲਰ ਦੀ ਲੋੜ ਹੈ ਅਤੇ ਵਿਕਸਤ ਦੇਸ਼ ਇਸ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ, ‘ਭਾਰਤ ਦੇ ਨਾਲ-ਨਾਲ 'ਗਲੋਬਲ ਸਾਊਥ' ਦੇ ਸਾਰੇ ਦੇਸ਼ ਖੁਸ਼ ਹਨ ਕਿ ਵਿਕਸਤ ਦੇਸ਼ਾਂ ਨੇ ਇਸ ਸਾਲ, 2023 ’ਚ ਸਾਕਾਰਾਤਮਕ ਪਹਿਲਕਦਮੀਆਂ ਕੀਤੀਆਂ ਹਨ। ਪਹਿਲੀ ਵਾਰ, ਵਿਕਸਤ ਦੇਸ਼ਾਂ ਨੇ ਜਲਵਾਯੂ ਵਿੱਤ ਲਈ 100 ਬਿਲੀਅਨ ਡਾਲਰ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਆਪਣੀ ਇੱਛਾ ਜ਼ਾਹਿਰ ਕੀਤੀ ਹੈ।


Rakesh

Content Editor

Related News