‘ਕੋਰੋਨਾ ਕਾਲ ’ਚ ਕੁੜੀਆਂ ਦੀ ਪੜ੍ਹਾਈ ’ਤੇ ਲੱਗਾ ਪ੍ਰਸ਼ਨ ਚਿੰਨ੍ਹ, ਬਾਲ ਵਿਆਹ ਦੇ ਵੱਧੇ ਮਾਮਲੇ’

02/10/2021 1:13:26 PM

ਨਵੀਂ ਦਿੱਲੀ— ਰਾਜ ਸਭਾ ’ਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਜਪਾ ਮੈਂਬਰ ਜੋਤੀਰਾਦਿਤਿਆ ਸਿੰਧੀਆ ਨੇ ਕੋਰੋਨਾ ਕਾਲ ਵਿਚ ਸਕੂਲ ਬੰਦ ਹੋਣ ਕਾਰਨ ਬੱਚਿਆਂ, ਖ਼ਾਸ ਕਰ ਕੇ ਕੁੜੀਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਪੜ੍ਹਾਈ ’ਤੇ ਪ੍ਰਸ਼ਨ ਚਿੰਨ੍ਹ ਲੱਗਣ ਅਤੇ ਬਾਲ ਵਿਆਹ ਦੇ ਮਾਮਲੇ ਵਧਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਇਹ ਦਾਅਵਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸੂਬਿਆਂ ਤੋਂ ਬਾਲ ਵਿਆਹ ਦੇ ਅੰਕੜੇ ਇਕੱਠੇ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਸਿਫ਼ਰ ਕਾਲ ਦੌਰਾਨ ਉੱਚ ਸਦਨ ਵਿਚ ਇਹ ਮੁੱਦਾ ਚੁੱਕਦੇ ਹੋਏ ਸਿੰਧੀਆ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਬਹੁਤ ਸਾਰੇ ਕੰਮ ਬੰਦ ਹੋ ਗਏ ਅਤੇ ਸਕੂਲ ਵੀ ਬੰਦ ਕਰ ਦਿੱਤੇ ਗਏ। ਇਸ ਨਾਲ ਬੱਚਿਆਂ ਖ਼ਾਸ ਕਰ ਕੇ ਕੁੜੀਆਂ ਦੀ ਪੜ੍ਹਾਈ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ। ਸਕੂਲ ਦਾ ‘ਸੇਫਟੀ ਨੈੱਟ’ ਨਾ ਹੋਣ ਦੀ ਵਜ੍ਹਾ ਕਰ ਕੇ ਇਨ੍ਹਾਂ ਧੀਆਂ ਦੇ ਬਾਲ ਵਿਆਹ ਦਾ ਖ਼ਤਰਾ ਵੱਧ ਗਿਆ। 

ਸਿੰਧੀਆ ਨੇ ਦਾਅਵਾ ਕੀਤਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਚਲਾਏ ਜਾ ਰਹੇ ‘ਚਾਈਲਡ ਹੈਲਪ ਲਾਈਨ’ ਦੇ ਸਬੰਧ ’ਚ ਆਰ. ਟੀ. ਆਈ. ਦੇ ਮਾਧਿਅਮ ਤੋਂ ਪਤਾ ਲੱਗਾ ਹੈ ਕਿ ਇਸ ਹੈਲਪਲਾਈਨ ’ਤੇ ਬਾਲ ਵਿਆਹ ਨੂੰ ਲੈ ਕੇ ਕਰੀਬ 18,324 ਸ਼ਿਕਾਇਤਾਂ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਅਜਿਹੀਆਂ 200 ਤੋਂ ਵੱਧ ਸ਼ਿਕਾਇਤਾਂ ਅਤੇ ਕਰਨਾਟਕ ਤੋਂ 188 ਸ਼ਿਕਾਇਤਾਂ ਮਿਲਣ ਦੀ ਖ਼ਬਰ ਹੈ। ਸਿੰਧੀਆ ਨੇ ਇਸ ਨੂੰ ਚਿੰਤਾਜਨਕ ਦੱਸਦੇ ਹੋਏ ਮੰਗ ਕੀਤੀ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸੂਬਿਆਂ ਨੂੰ ਬਾਲ ਵਿਆਹ ’ਤੇ ਅੰਕੜੇ ਇਕੱਠੇ ਕਰਨ ਲਈ ਆਖੇ। ਉਨ੍ਹਾਂ ਕਿਹਾ ਕਿ ਬਾਲ ਵਿਆਹ ਰੋਕਣ ਲਈ ਕਾਨੂੰਨ ਦੇ ਸਖ਼ਤੀ ਨਾਲ ਪਾਲਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਕ ਅਜਿਹਾ ਖਾਕਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਬੱਚੇ ਵਿਚਾਲੇ ਹੀ ਆਪਣੀ ਪੜ੍ਹਾਈ ਨਾ ਛੱਡਣ। 


Tanu

Content Editor

Related News